ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਓ.ਆਰ.ਐਸ ਦਿਵਸ ਨੂੰ ਸਮਰਪਿਤ ਸਿਵਲ ਹਸਪਤਾਲ ਵਿਖੇ
‘ਇਕ ਸਧਾਰਨ ਹੱਲ, ਇਕ ਸਿਹਤਮੰਦ ਭਵਿੱਖ’ ਵਿਸ਼ੇ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਰਵਾਏ ਗਏ ਉਕਤ ਪ੍ਰੋਗਰਾਮ ਦਾ ਮਕਸਦ ਖਾਸ ਕਰਕੇ ਦਸਤਾਂ ਦੀ ਬਿਮਾਰੀ ਦੌਰਾਨ ਸਰੀਰ ‘ਚ ਪਾਣੀ ਦੀ ਕਮੀ (ਡੀਹਾਈਡਰੇਸ਼ਨ) ਨੂੰ ਰੋਕਣ ਅਤੇ ਇਸ ਦੇ ਇਲਾਜ ‘ਚ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਓ.ਆਰ.ਐਸ) ਦੀ ਮਹੱਤਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਸੀ।
ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ‘ਚ ਡਾ. ਵਿਜੇ ਕੁਮਾਰ, ਡਾ. ਜਸਕਰਨਜੋਤ ਕੌਰ, ਡਾ. ਨਰਿੰਦਰ ਕੁਮਾਰ, ਸ੍ਰੀਮਤੀ ਸਿਮਰਨ ਅਤੇ ਸ੍ਰੀਮਤੀ ਅਭਿਗੇਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਨਰਸਿੰਗ ਵਿਦਿਆਰਥੀਆਂ ਵੱਲੋਂ ਕਮਿਊਨਿਟੀ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਜਾਨਾਂ ਬਚਾਉਣ ਲਈ ਸਮੇਂ ਸਿਰ ਓ.ਆਰ.ਐਸ ਦੀ ਵਰਤੋਂ ਦੀ ਮਹੱਤਤਾ ‘ਤੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਔਬਸਟੈਟ੍ਰਿਕਲ ਐਂਡ ਗਾਇਨੀਕੋਲੋਜੀਕਲ ਵਿਭਾਗ ਦੀ ਪ੍ਰੋਫੈਸਰ (ਡਾ.) ਸੰਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਸ੍ਰੀਮਤੀ ਹਰਲੀਨ ਕੌਰ ਅਤੇ ਨਰਸਿੰਗ ਟਿਊਟਰ ਮਹਿਰੀਨ ਕੋਸਰ ਦੀ ਅਗਵਾਈ ਹੇਠ ਐਮ.ਐਸ.ਸੀ ਨਰਸਿੰਗ, ਜੀ.ਐਨ.ਐਮ ਤੀਜਾ ਸਾਲ ਅਤੇ ਏ.ਐਨ.ਐਮ ਪਹਿਲਾ ਸਾਲ ਦੇ ਵਿਦਿਆਰਥੀਆਂ ਨੇ ਘਰੇਲੂ ਤੌਰ ‘ਤੇ ਸਧਾਰਨ ਸਮੱਗਰੀ ਦੀ ਵਰਤੋਂ ਕਰਕੇ ਓ.ਆਰ.ਐੱਸ ਤਿਆਰ ਕਰਨ ਦਾ ਲਾਈਵ ਪ੍ਰਦਰਸ਼ਨ ਕੀਤਾ।ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਓ.ਆਰ.ਐਸ ਦੀ ਸਹੀ ਵਰਤੋਂ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਡੀਹਾਈਡਰੇਸ਼ਨ ਦੇ ਲੱਛਣਾਂ ਅਤੇ ਲੋੜੀਂਦੀ ਮਾਤਰਾ ‘ਚ ਤਰਲ ਪਦਾਰਥ ਲੈਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media