Tuesday, October 6, 2026

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦਾ ਅੱਜ ਦੇਹਾਂਤ ਹੋ ਗਿਆ।ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਸਾਹਿਤਕ ਫ਼ੋਟੋਗ੍ਰਾਫ਼ੀ ਦੇ ਖੇਤਰ ਨੂੰ ਗਹਿਰਾ ਘਾਟਾ ਪਿਆ ਹੈ।ਉਹ ਕਵੀ ਹੋਣ ਦੇ ਨਾਲ-ਨਾਲ ਚਿੱਤਰ ਅਤੇ ਫ਼ੋਟੋਗ੍ਰਾਫ਼ੀ ਦੀ ਕਲਾ ਦੀ ਡੂੰਘੀ ਸਮਝ ਰੱਖਣ ਵਾਲੇ ਸਿਰਜਕ ਸਨ।
ਇਥੋਂ ਜਾਰੀ ਮੀਡੀਆ ਬਿਆਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਦਾ ਪੰਜਾਬੀ ਸਾਹਿਤ ਅਤੇ ਕਲਾ ਨਾਲ ਰਿ਼ਤਾ ਬਹੁਪੱਖੀ ਸੀ। ਉਹ ਕਵਿਤਾ ਲਿਖਣ ਦੇ ਨਾਲ-ਨਾਲ ਫ਼ੋਟੋਗ੍ਰਾਫ਼ੀ ਨੂੰ ਵੀ ਸਿਰਫ਼ ਤਸਵੀਰ ਖਿੱਚਣ ਦੀ ਕਲਾ ਨਹੀਂ, ਸਗੋਂ ਆਪਣੇ ਸਮੇਂ, ਮਨੁੱਖ ਅਤੇ ਸਮਾਜ ਨੂੰ ਦੇਖਣ ਦਾ ਇੱਕ ਸਿਰਜਣਾਤਮਕ ਮਾਧਿਅਮ ਸਮਝਦੇ ਸਨ।
ਆਗੂਆਂ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਨੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਕੋਲੋਂ ਚਿੱਤਰਕਾਰੀ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਬਟਾਲਾ ਵਿਖੇ ਆਪਣਾ ਸਟੂਡੀਓ ਸਥਾਪਤ ਕੀਤਾ।ਇਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਪ੍ਰਮੁੱਖ ਅਖ਼ਬਾਰਾਂ ਅਤੇ ਰਸਾਲਿਆਂ ਲਈ ਫ਼ੋਟੋਗ੍ਰਾਫ਼ਰ ਵਜੋਂ ਕੰਮ ਕੀਤਾ ਅਤੇ ਸਾਹਿਤਕ ਤੇ ਕਲਾਤਮਕ ਸਰੋਕਾਰਾਂ ਨੂੰ ਆਪਣੀ ਫ਼ੋਟੋਗ੍ਰਾਫ਼ੀ ਰਾਹੀਂ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਬਾਜਵਾ ਦੀਆਂ ਕਾਵਿ-ਕਿਰਤਾਂ ਵਿੱਚ ‘ਸੁੱਕੇ ਕੱਖਾਂ ਥੱਲੇ ਅੱਗ’, ‘ਮੌਤ ਇੱਕ ਆਸ ਦੀ’ ਅਤੇ ‘ਤਰੇਲ ਦੀ ਇੱਕ ਬੂੰਦ’ ਵਿਸ਼ੇਸ਼ ਤੌਰ ’ਤੇ ਜਿਕਰਯੋਗ ਹਨ।ਇਸ ਤੋਂ ਇਲਾਵਾ ‘ਜੇਲ੍ਹ ਦੀਆਂ ਭੁੱਲੀਆਂ ਵਿਸਰੀਆਂ ਯਾਦਾਂ’ ਵੀ ਉਨ੍ਹਾਂ ਦੇ ਰਚਨਾਤਮਕ ਕੰਮ ਦਾ ਹਿੱਸਾ ਹੈ।ਉਨ੍ਹਾਂ ਦੀ ਕਵਿਤਾ ਵਿੱਚ ਜੀਵਨ, ਮੌਤ, ਆਸ ਅਤੇ ਮਨੁੱਖੀ ਸੰਵੇਦਨਾ ਦੇ ਡੂੰਘੇ ਅਹਿਸਾਸ ਮਿਲਦੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂਆਂ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਦਾ ਵਿਛੋੜਾ ਇੱਕ ਅਜਿਹੇ ਸਿਰਜਕ ਦਾ ਵਿਛੋੜਾ ਹੈ ਜਿਸ ਨੇ ਕਵਿਤਾ ਅਤੇ ਫ਼ੋਟੋਗ੍ਰਾਫ਼ੀ ਦੋਵਾਂ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ।ਉਨ੍ਹਾਂ ਕਿਹਾ ਕਿ ਬਾਜਵਾ ਦੀਆਂ ਰਚਨਾਵਾਂ ਅਤੇ ਉਨ੍ਹਾਂ ਵੱਲੋਂ ਸਾਂਭੇ ਗਏ ਸਾਹਿਤਕ-ਸੱਭਿਆਚਾਰਕ ਪਲ ਉਨ੍ਹਾਂ ਦੀ ਯਾਦ ਨੂੰ ਲੰਮੇ ਸਮੇਂ ਤੱਕ ਜਿਊਂਦਾ ਰੱਖਣਗੇ।
ਸਭਾ ਨੇ ਹਰਭਜਨ ਸਿੰਘ ਬਾਜਵਾ ਦੇ ਪਰਿਵਾਰ, ਸਨੇਹੀਆਂ ਅਤੇ ਸਾਹਿਤਕ ਸਾਥੀਆਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …