ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਨਗਰ ਨਿਗਮ
ਅੰਮ੍ਰਿਤਸਰ ਵਲੋਂ ਅੱਜ ਝਬਾਲ ਰੋਡ ਸਥਿਤ ਇੱਕ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਦੀ ਕਾਰਵਾਈ ਕੀਤੀ ਗਈ।
ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ।ਇਸ ਕਾਰਵਾਈ ਦਾ ਉਦੇਸ਼ ਸ਼ਹਿਰ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣਾ, ਜਨਤਕ ਹਿੱਤਾਂ ਦੀ ਰੱਖਿਆ ਕਰਨਾ ਅਤੇ ਅੰਮ੍ਰਿਤਸਰ ਸ਼ਹਿਰ ਦੀ ਸਮੁੱਚੀ ਦਿੱਖ ਨੂੰ ਬਿਹਤਰ ਬਣਾਉਣਾ ਹੈ।
ਡੇਮੋਲੀਸ਼ਨ ਦੀ ਕਾਰਵਾਈ ਐਮ.ਟੀ.ਪੀ ਨਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਗਈ।ਇਸ ਦੌਰਾਨ ਏ.ਟੀ.ਪੀ ਵਰਿੰਦਰ ਮੋਹਨ ਅਤੇ ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਸਮੇਤ ਸਬੰਧਤ ਟੀਮ ਨੇ ਮੌਕੇ ’ਤੇ ਪਹੁੰਚ ਕੇ ਗੈਰ-ਅਧਿਕਾਰਤ ਉਸਾਰੀ ਖਿਲਾਫ਼ ਲੋੜੀਂਦੀ ਕਾਰਵਾਈ ਕੀਤੀ।
ਨਿਗਮ ਅਧਿਕਾਰੀਆਂ ਅਨੁਸਾਰ, ਉਕਤ ਨਾਜਾਇਜ਼ ਕਲੋਨੀ ਖਿ਼ਲਾਫ਼ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਸੀ।ਇਸ ਦੇ ਬਾਵਜ਼ੂਦ ਵਾਰ-ਵਾਰ ਚੇਤਾਵਨੀ ਦੇਣ ਅਤੇ ਉਸਾਰੀ ਦਾ ਕੰਮ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਵੀ ਮੌਕੇ ’ਤੇ ਕੰਮ ਜਾਰੀ ਰਿਹਾ।ਨਿਯਮਾਂ ਦੀ ਲਗਾਤਾਰ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਵੱਲੋਂ ਲਾਗੁ ਬਿਲਡਿੰਗ ਬਾਇਲਾਜ਼ ਅਤੇ ਨਗਰ ਨਿਗਮ ਦੇ ਨਿਯਮਾਂ ਅਨੁਸਾਰ ਡੇਮੋਲੀਸ਼ਨ ਦੀ ਕਾਰਵਾਈ ਕੀਤੀ ਗਈ।
ਨਗਰ ਨਿਗਮ ਨੇ ਕਲੋਨਾਈਜ਼ਰਾਂ, ਜਾਇਦਾਦ ਮਾਲਕਾਂ ਅਤੇ ਗੈਰ-ਅਧਿਕਾਰਤ ਉਸਾਰੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਬਿਲਡਿੰਗ ਬਾਇਲਾਜ਼ ਅਤੇ ਲਾਗੂ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਹੈ। ਲੋੜੀਂਦੀਆਂ ਮਨਜ਼ੂਰੀਆਂ ਤੋਂ ਬਿਨਾਂ ਕੀਤੀ ਗਈ ਕਿਸੇ ਵੀ ਉਸਾਰੀ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।
ਨਿਗਮ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਦੇ ਸਮਰੱਥ ਅਧਿਕਾਰੀਆਂ ਤੋਂ ਸਾਈਟ ਪਲਾਨ ਅਤੇ ਬਿਲਡਿੰਗ ਪਲਾਨ ਦੀ ਮਨਜ਼ੂਰੀ ਲਾਜ਼ਮੀ ਤੌਰ ’ਤੇ ਪ੍ਰਾਪਤ ਕੀਤੀ ਜਾਵੇ।ਮਨਜ਼ੂਰਸ਼ੁਦਾ ਸਾਈਟ ਪਲਾਨ ਅਨੁਸਾਰ ਉਸਾਰੀ ਕਰਨ ਨਾਲ ਯੋਜਨਾਬੱਧ ਵਿਕਾਸ, ਬਿਹਤਰ ਬੁਨਿਆਦੀ ਸਹੂਲਤਾਂ ਅਤੇ ਸ਼ਹਿਰ ਦੀ ਸੁੰਦਰ ਤੇ ਵਿਵਸਥਿਤ ਦਿੱਖ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਕਮਿਸ਼ਨਰ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਨੇ ਦੁਹਰਾਇਆ ਕਿ ਨਗਰ ਨਿਗਮ ਜਨਤਕ ਹਿੱਤ ਵਿੱਚ ਨਾਜਾਇਜ਼ ਕਲੋਨੀਆਂ ਅਤੇ ਅਣ-ਅਧਿਕਾਰਤ ਉਸਾਰੀ ਖਿਲਾਫ਼ ਕਾਰਵਾਈ ਜਾਰੀ ਰੱਖੇਗਾ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media