Monday, October 19, 2026

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਵੱਲੋਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਕਰਵਾਏ ਗਏ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਵਿਸ਼ਵ ਪੱਧਰੀ ਆਈ.ਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ) ਨੇ 134 ਵਿਦਿਆਰਥੀਆਂ ਦੀ ਚੋਣ ਕੀਤੀ ਹੈ।ਬੈਚ 2027 ਦੇ ਬੀ.ਟੈਕ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਬੀ.ਟੈਕ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਬੀ.ਟੈਕ ਇਲੈਕਟ੍ਰਾਨਿਕਸ ਐਂਡ ਕੰਪਿਊਟਰ ਇੰਜੀਨੀਅਰਿੰਗ ਅਤੇ ਐਮ.ਸੀ.ਏ ਦੇ ਵਿਦਿਆਰਥੀਆਂ ਨੇ ਇਸ ਭਰਤੀ ਮੁਹਿੰਮ ਵਿੱਚ ਸਫਲਤਾ ਹਾਸਲ ਕੀਤੀ।
ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੇ ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਦੱਸਿਆ ਕਿ ਇਸ ਭਰਤੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਕੈਂਪਸ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ ਅਤੇ ਗੁਰਦਾਸਪੁਰ ਦੇ ਖੇਤਰੀ ਕੈਂਪਸਾਂ ਦੇ ਵਿਦਿਆਰਥੀਆਂ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਫਲਤਾ ਹਾਸਲ ਕੀਤੀ।ਟੀ.ਸੀ.ਐਸ ਦੇ 30 ਅਧਿਕਾਰੀਆਂ ਦੀ ਟੀਮ ਨੇ ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ ਤਕਨੀਕੀ, ਮਨੁੱਖੀ ਸਰੋਤ ਅਤੇ ਪ੍ਰਬੰਧਕੀ ਪੱਧਰ ਦੀਆਂ ਕਈ ਇੰਟਰਵਿਊਆਂ ਸਮੇਤ ਸਖ਼ਤ ਚੋਣ ਪ੍ਰਕਿਰਿਆ ਅਪਣਾਈ।ਚੁਣੇ ਗਏ ਵਿਦਿਆਰਥੀਆਂ ਨੂੰ 9.09 ਲੱਖ ਰੁਪਏ ਸਾਲਾਨਾ ਤੱਕ ਦਾ ਪੈਕੇਜ਼ ਮਿਲਿਆ ਹੈ।ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ ਅਤੇ ਰਜਿਸਟਰਾਰ ਪ੍ਰੋ. ਡਾ. ਕੇ.ਐਸ ਚਾਹਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਅਸਲ ਪੇਸ਼ੇਵਰ ਮਾਹੌਲ ਲਈ ਤਿਆਰ ਕਰਨ ਵਾਸਤੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਭਾਈਵਾਲੀਆਂ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ।

Check Also

ਅੰਮ੍ਰਿਤਸਰ ‘ਚ ਡੇਂਗੂ ਵਿਰੋਧੀ ਮੁਹਿੰਮ – ਸਕੂਲਾਂ ਅਤੇ ਹੌਟਸਪੌਟ ਇਲਾਕਿਆਂ ‘ਚ ਐਂਟੀ-ਲਾਰਵਾ ਕਾਰਵਾਈ, ਸਪਰੇਅ ਤੇ ਫੌਗਿੰਗ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ …