Tuesday, November 3, 2026

ਖਾਲਸਾ ਯੂਨੀਵਰਸਿਟੀ ਵਿਖੇ ਕਲਾਸੀਕਲ ਨਾਚ ਸਬੰਧੀ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵਿਖੇ ਰਾਸ਼ਟਰੀ ਪੱਧਰ ਦੀ ਸੰਸਥਾ ਸਪਿੱਕ ਮੈਕੇ ਦੇ ਸਹਿਯੋਗ ਨਾਲ ਉਡੀਸੀ ਡਾਂਸ ਦੀ ਵਰਕਸ਼ਾਪ ਕਰਵਾਈ ਗਈ।ਜਿਸ ਵਿੱਚ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ, ਯੂਨੀਵਰਸਿਟੀ ਦੇ ਫੈਕਲਟੀ ਆਫ ਲੈਂਗੂਏਜ਼ਿਜ ਡੀਨ ਡਾ. ਰਮਿੰਦਰ ਕੌਰ ਅਤੇ ਸਰੂਪ ਰਾਣੀ ਗੌਰਮਿੰਟ ਕਾਲਜ ਅੰਮ੍ਰਿਤਸਰ ਪ੍ਰੋਫੈਸਰ ਡਾ. ਮਾਨਸੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਕਲਾਸੀਕਲ ਨਾਚ ਦੇ ਰੂਬਰੂ ਕਰਵਾਉਣਾ ਸੀ, ਜਿਸ ਵਿੱਚ ਡਾਂਸ ਆਰਟਿਸਟ ਸ਼ਰਮਿਸ਼ਠਾ ਰਾਣੀ ਪਾਂਡਾ ਨੇ ਪ੍ਰਮੁੱਖ ਕਲਾਕਾਰ ਵਜੋਂ ਆਪਣੀ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ’ਚ ’ਵਰਸਿਟੀ ਦੇ ਰਜਿਸਟਰਾਰ ਅਤੇ ਸਕੂਲ ਆਫ਼ ਐਜੂਕੇਸ਼ਨ ਦੇ ਡੀਨ ਡਾ. ਖੁਸ਼ਵਿੰਦਰ ਕੁਮਾਰ ਨੇ ਡਾ. ਮਹਿਲ ਸਿੰਘ, ਡਾ. ਰਮਿੰਦਰ ਕੌਰ ਅਤੇ ਡਾ. ਮਾਨਸੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।
ਡਾ. ਮਹਿਲ ਸਿੰਘ ਨੇ ਪ੍ਰੋਗਰਾਮ ਦੇ ਪ੍ਰਮੁੱਖ ਕਲਾਕਾਰ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਕੇਵਲ ਅੱਖਰ ਗਿਆਨ ਹੀ ਕਾਫੀ ਨਹੀਂ ਹੈ ਅਤੇ ਸਿੱਖਿਆ ਸੰਸਥਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਅਜਿਹੇ ਪਲੇਟਫਾਰਮ ਦੇ ਕੇ ਉਨ੍ਹਾਂ ਦੇ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਲੱਭ ਕੇ ਉਨ੍ਹਾਂ ਦੀ ਸਰਵਪੱਖੀ ਸਖਸ਼ੀਅਤ ਦਾ ਵਿਕਾਸ ਕਰਨ।
ਇਸ ਤੋਂ ਪਹਿਲਾ ਆਪਣੇ ਸੁਆਗਤੀ ਭਾਸ਼ਣ ’ਚ ਡਾ. ਕੁਮਾਰ ਨੇ ਸਪਿੱਕ ਮੈਕੇ ਸੰਸਥਾ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਇਸ ਕਲਾ ਅਤੇ ਸੱਭਿਆਚਾਰਕ ਵਟਾਂਦਰੇ ਜਿਹੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਲਾ ਸਖਸ਼ੀਅਤ ਨੂੰ ਨਿਖਾਰਣ ਦਾ ਇਕ ਮਾਧਿਅਮ ਹੈ ਅਤੇ ਵਿਦਿਆਰਥੀਆਂ ਨੂੰ ਕਲਾ ਦੇ ਵੱਖ-ਵੱਖ ਸਰੋਤਾਂ ਰਾਹੀਂ ਆਪਣੀ ਸਖਸ਼ੀਅਤ ਨੂੰ ਨਿਖਾਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਪੋ੍ਰਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਕੋ-ਆਰਡੀਨੇਟਰ ਡਾ. ਅਰਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਕੀਤਾ ਗਿਆ।
ਇਸ ਪ੍ਰੋਗਰਾਮ ਦੌਰਾਨ ਕਲਾਕਾਰ ਪਾਂਡਾਂ ਨੇ ਉਡੀਸੀ ਡਾਂਸ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਰਕਸ਼ਾਪ ਰਾਹੀਂ ਇਸ ਕਲਾ ਦੇ ਕੁੱਝ ਨੁਕਤੇ ਸਾਂਝੇ ਕਰਦੇ ਹੋਏ ਇਹ ਡਾਂਸ ਵੀ ਸਿਖਾਇਆ।ਪ੍ਰੋਗਰਾਮ ਦੇ ਅੰਤ ’ਚ ਡਾ. ਕੁਮਾਰ ਨੇੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਧੰਨਵਾਦ ਕੀਤਾ।ਇਸ ਪ੍ਰੋਗਰਾਮ ਦੌਰਾਨ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …