Saturday, October 31, 2026

ਡੀ.ਏ.ਵੀ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ ‘ਝਰੋਖਾ-ਏ-ਹਿੰਦ’

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਦੇ ਪਲੇਅਪੈਨ ਤੋਂ ਤੀਜ਼ੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਰਵੀ ਆਡੀਟੋਰੀਅਮ ਵਿਖੇ ਆਪਣਾ ਸਾਲਾਨਾ ਸਮਾਗਮ ‘ਝਰੋਖਾ-ਏ-ਹਿੰਦ’ ਪੇਸ਼ ਕੀਤਾ।ਇਹ ਸਮਾਗਮ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਸਮਰਪਿਤ ਸੀ।
‘ਝਰੋਖਾ-ਏ-ਹਿੰਦ’ ਭਾਰਤ ਦੀਆਂ ਵੱਖ-ਵੱਖ ਸੱਭਿਆਚਾਰਕ ਪਰੰਪਰਾਵਾਂ ਦੀ ਇੱਕ ਮਨਮੋਹਕ ਯਾਤਰਾ ਵਜੋਂ ਪੇਸ਼ ਕੀਤਾ ਗਿਆ।ਇਸ ਯਾਤਰਾ ਦੀ ਸ਼ੁਰੂੂਆਤ ਕਸ਼ਮੀਰ ਦੀਆਂ ਮਨਮੋਹਕ ਵਾਦੀਆਂ ਤੋਂ ਹੋਈ, ਜੋ ਪੰਜਾਬ ਦੀ ਜੋਸ਼ੀਲੀ ਧਰਤੀ, ਰਾਜਸਥਾਨ ਦੀ ਸ਼ਾਹੀ ਵਿਰਾਸਤ, ਮਹਾਰਾਸ਼ਟਰ ਦੀਆਂ ਅਮੀਰ ਪਰੰਪਰਾਵਾਂ ਅਤੇ ਗੋਆ ਦੇ ਸਮੁੰਦਰੀ ਤੱਟਾਂ ਦੀ ਮਨਮੋਹਕ ਸੁੰਦਰਤਾ ਵਿੱਚੋਂ ਹੁੰਦੀ ਹੋਈ ਓਡੀਸਾ ਦੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਰਾਜ ਵਿੱਚ ਜਾ ਕੇ ਸੰਪਨ ਹੋਈ।ਮਨਮੋਹਕ ਨ੍ਰਿਤ ਪੇਸ਼ਕਾਰੀਆਂ, ਰਵਾਇਤੀ ਪਹਿਰਾਵਿਆਂ ਅਤੇ ਲੋਕ-ਸੰਗੀਤ ਦੀਆਂ ਤਾਲਾਂ ਰਾਹੀਂ ਵਿਦਿਆਰਥੀਆਂ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਬਾਖੂਬੀ ਪੇਸ਼ ਕੀਤਾ।ਸਮਾਗਮ ਦਾ ਸਮਾਪਨ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੰਦਿਆਂ ਹੋਇਆ।ਸਮਾਗਮ ਲਈ ਤਿੰਨ ਸ਼ੋਅ ਪੇਸ਼ ਕੀਤੇ ਗਏ।ਸਕੂਲ ਦੇ ਉਨ੍ਹਾਂ ਮਾਣਮੱਤੇ ਸਾਬਕਾ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਕੇ ਆਪਣੀ ਪਛਾਣ ਬਣਾਈ ਹੈ।
ਸਵੇਰ ਦੇ ਸਮਾਗਮ ਦੇ ਮੁੱਖ ਮਹਿਮਾਨ ਅਨੁਜ ਰਾਵਰਾ ਸਨ, ਜੋ ਰਚਨਾਤਮਕ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਹਨ।ਉਨ੍ਹਾਂ ਨੇ ਸਵੇਰ ਦੇ ਸਮਾਗਮ ਦੀ ਸ਼ੋਭਾ ਵਧਾਈ।ਉਨ੍ਹਾਂ ਨੇ ‘ਝਰੋਖੇ’ ਦੀ ਤੁਲਨਾ ਇੱਕ ਖਿੜਕੀ ਨਾਲ ਕਰਦਿਆਂ ਬੱਚਿਆਂ ਨੂੰ ਸੰਭਾਵਨਾਵਾਂ ਨਾਲ ਭਰਪੂਰ ਸੰਸਾਰ ਦੀਆਂ ਖਿੜਕੀਆਂ ਦੱਸਿਆ।ਉਨ੍ਹਾਂ ਨੇ ਕਿਹਾ ਕਿ ਬੱਚੇ ਆਪਣੇ ਆਲੇ-ਦੁਆਲੇ ਦੇ ਸੰਸਾਰ ਨੂੰ ਜਾਣਨ, ਸਵਾਲ ਪੁੱਛਣ, ਬਿਨਾਂ ਕਿਸੇ ਡਰ ਦੇ ਨਵੇਂ ਤਜ਼ਰਬੇ ਕਰਨ ਅਤੇ ਵੱਡੇ ਸੁਪਨੇ ਦੇਖਣ ਰਾਹੀਂ ਆਪਣੀ ਪਛਾਣ ਬਣਾਉਂਦੇ ਹਨ।
ਦੁਪਹਿਰ ਦੇ ਸਮਾਗਮ ਦੀ ਮੁੱਖ ਮਹਿਮਾਨ ਡਾ. ਜਸਪ੍ਰੀਤ ਕੋਹਲੀ ਸੋਬਤੀ ਸਨ, ਜੋ ਡਾ. ਓਮ ਪ੍ਰਕਾਸ਼ ਡੈਂਟਲ ਹਸਪਤਾਲ ਅੰਮ੍ਰਿਤਸਰ ਵਿਖੇ ਆਪ੍ਰੇਸ਼ਨਜ਼ ਅਤੇ ਟ੍ਰੇਨਿੰਗ ਹੈਡ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ‘ਇਮੇਜ ਐਸੈਂਸ਼ਲਜ਼’ ਦੀ ਸੰਸਥਾਪਕ ਵੀ ਹਨ।ਉਨ੍ਹਾਂ ਨੇ ਇਸੇ ਸਕੂਲ ਦੀ ਵਿਦਿਆਰਥਣ ਤੋਂ ਇੱਕ ਸਫ਼ਲ ਪੇਸ਼ੇਵਰ ਬਣਨ ਤੱਕ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ।
ਸ਼ਾਮ ਦੇ ਸਮਾਗਮ ਦੇ ਮੁੱਖ ਮਹਿਮਾਨ ਡਾ. ਰੋਹਨ ਗੁਪਤਾ ਸਨ, ਜੋ ਮੈਡੀਕਲ ਓਨਕੋਲੋਜਿਸਟ ਅਤੇ ਹੀਮੈਟੋ-ਓਨਕੋਲੋਜਿਸਟ ਹਨ।ਸਕੂਲ ਦੇ ਇਸ ਸਾਬਕਾ ਵਿਦਿਆਰਥੀ ਨੇ ਆਪਣੇ ਸਕੂਲੀ ਦਿਨਾਂ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ।ਉਨ੍ਹਾਂ ਨੇ ਸੱਤਵੀਂ ਜਮਾਤ ਵਿੱਚ ਇਸੇ ਆਡੀਟੋਰੀਅਮ ਵਿੱਚ ਕਵਿਤਾ ਸੁਣਾਉਣ ਦੇ ਆਪਣੇ ਤਜ਼ਰਬੇ ਨੂੰ ਯਾਦ ਕੀਤਾ।ਸਾਲ 2008 ਵਿੱਚ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇ ਆਪਣੇ ਸਫ਼ਰ ਬਾਰੇ ਦੱਸਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਾਨਦਾਰ ਰਹਿਣ, ਅਨਿਸ਼ਚਿਤਤਾਵਾਂ ਨੂੰ ਸਵੀਕਾਰ ਕਰਨ ਅਤੇ ਇਸ ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਮਹਿਮਾਨਾਂ ਵਿੱਚ ਪ੍ਰਭਜੋਤ ਸਿੰਘ ਵਿਰਕ (ਡੀ.ਸੀ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ), ਡਾ. ਰਿਚਾ ਅਗਨੀਹੋਤਰੀ (ਏ.ਆਈ.ਜੀ/ਕ੍ਰਾਈਮ ਅੰਮ੍ਰਿਤਸਰ ਜ਼ੋਨ), ਸ੍ਰੀਮਤੀ ਸ਼ਮਾ ਸ਼ਰਮਾ, ਡਾ. ਅਮਨਦੀਪ, ਡਾ. ਮਨਚੰਦਾ, ਐਲ.ਐਮ.ਸੀ ਦੇ ਹੋਰ ਮੈਂਬਰ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਸਨ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਮਰਪਿਤ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ‘ਝਰੋਖਾ-ਏ-ਹਿੰਦ’ ਸਾਡੇ ਪਿਆਰੇ ਦਸ਼ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ, ਸਦੀਵੀ ਪਰੰਪਰਾਵਾਂ ਅਤੇ ਅਦਮਯ ਜਜ਼ਬੇ ਦੀ ਝਲਕ ਪੇਸ਼ ਕਰਨ ਵਾਲੀ ਇੱਕ ਖਿੜਕੀ ਹੈ।
ਉਨ੍ਹਾਂ ਨੇ ਕੈਂਟ ਇੰਚਾਰਜ਼ ਸ਼੍ਰੀਮਤੀ ਅਨੁਰਾਧਾ ਗਰੋਵਰ ਅਤੇ ਉਨ੍ਹਾਂ ਦੀ ਸਮਰਪਿਤ ਅਧਿਆਪਕ ਟੀਮ ਤੇ ਸਹਾਇਕ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …