Sunday, November 8, 2026

ਬੰਦੀ ਛੌੜ ਦਿਵਸ, ਦੀਵਾਲੀ ਦੇ ਸਨਮੁੱਖ ਸੁਲਤਾਨਵਿੰਡ ਰੋਡ ਦੇ ਬਾਜ਼ਾਰਾਂ ‘ਚ ਛਾਈ ਰੌਣਕ

ਮਿੱਟੀ ਦੇ ਦੀਵਿਆਂ ‘ਤੇ ਸਜਾਵਟੀ ਸਾਮਾਨ ਨਾਲ ਬਾਜ਼ਾਰ ਗੁਲਜ਼ਾਰ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਰੋਸ਼ਨੀ ਅਤੇ ਖ਼ੁਸ਼ੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦੇ ਨੇੜੇ ਆਉਂਦਿਆਂ ਹੀ ਧਾਰਮਿਕ ਨਗਰੀ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਖ਼ੂਬ ਵਧ ਗਈਆਂ ਹਨ। ਸ਼ਹਿਰ ਦੇ ਮੁੱਖ ਖੇਤਰ ਸੁਲਤਾਨਵਿੰਡ ਰੋਡ ‘ਤੇ ਦੀਵਾਲੀ ਦੀ ਖ਼ਰੀਦਦਾਰੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤਿਉਹਾਰੀ ਸੀਜ਼ਨ ਦੇ ਚੱਲਦਿਆਂ ਬਾਜ਼ਾਰਾਂ ‘ਚ ਦੁਕਾਨਾਂ ਪੂਰੀ ਤਰ੍ਹਾਂ ਸਜ ਚੁੱਕੀਆਂ ਹਨ। ਇਸ ਵਾਰ ਬਾਜ਼ਾਰਾਂ ਵਿੱਚ ਵੱਖ-ਵੱਖ ਡਿਜ਼ਾਈਨਾਂ ਵਾਲੇ ਮਿੱਟੀ ਦੇ ਦੀਵੇ, ਘਰ ਦੀ ਸਜਾਵਟ ਦਾ ਆਕਰਸ਼ਕ ਸਾਮਾਨ, ਰੰਗ-ਬਿਰੰਗੀਆਂ ਇਲੈਕਟ੍ਰਾਨਿਕ ਲਾਈਟਾਂ, ਫੁੱਲ-ਝੜੀਆਂ ਅਤੇ ਹੋਰ ਸਾਮਾਨ ਖ਼ਰੀਦਦਾਰਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਦੁਕਾਨਦਾਰਾਂ ਅਨੁਸਾਰ ਲੋਕ ਰਵਾਇਤੀ ਮਿੱਟੀ ਦੇ ਦੀਵਿਆਂ ਦੇ ਨਾਲ-ਨਾਲ ਘਰਾਂ ਨੂੰ ਸਜਾਉਣ ਲਈ ਫੈਂਸੀ ਲਾਈਟਾਂ ਦੀ ਵੀ ਖ਼ੂਬ ਖ਼ਰੀਦਦਾਰੀ ਕਰ ਰਹੇ ਹਨ, ਜਿਸ ਨਾਲ ਬਾਜ਼ਾਰਾਂ ਵਿੱਚ ਚਹਿਲ-ਪਹਿਲ ਕਾਫ਼ੀ ਵਧ ਗਈ ਹੈ। ਇਸ ਦੇ ਨਾਲ ਹੀ ਪੂਜਾ-ਪਾਠ ਅਤੇ ਤੋਹਫ਼ਿਆਂ ਵਜੋਂ ਦੇਣ ਲਈ ਫ਼ਲਾਂ ਦੀਆਂ ਦੁਕਾਨਾਂ ‘ਤੇ ਵੀ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

 


ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਸੱਜੀ ਇੱਕ ਦੁਕਾਨ, ਜਿੱਥੇ ਵਿਕਰੀ ਲਈ ਰੱਖੀਆਂ ਵੱਖ-ਵੱਖ ਤਰ੍ਹਾਂ ਦੀਆਂ ਲਾਈਟਾਂ, ਪਟਾਕੇ, ਫੁੱਲ-ਝੜੀਆਂ ਅਤੇ ਹੋਰ ਆਕਰਸ਼ਕ ਸਾਮਾਨ।


ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਕਰੀ ਲਈ ਰੇਹੜੀ ‘ਤੇ ਸਜਾ ਕੇ ਰੱਖੇ ਤਾਜ਼ੇ ਫ਼ਲ।


ਸੁਲਤਾਨਵਿੰਡ ਰੋਡ ‘ਤੇ ਬੱਚਿਆਂ ਦੀ ਪਸੰਦ ਦੇ ਖਿਡੌਣਿਆਂ, ਫੁੱਲ-ਝੜੀਆਂ, ਅਨਾਰ ਅਤੇ ਹੋਰ ਰੰਗ-ਬਿਰੰਗੇ ਪਟਾਕਿਆਂ ਨਾਲ ਸੱਜੀ ਦੁਕਾਨ ਦੀ ਇੱਕ ਤਸਵੀਰ।


 

Check Also

ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …