Sunday, November 8, 2026

ਗੁਰੂ ਨਗਰੀ ‘ਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ ਉਤਸ਼ਾਹ, ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਸਵੇਰ ਤੋਂ ਹੀ ਧਾਰਮਿਕ ਸਥਾਨਾਂ ‘ਤੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ।ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ‘ਤੇ ਵਿਸ਼ੇਸ਼ ਧਾਰਮਿਕ ਸਮਾਗਮਾਂ ਦਾ ਆਯੌਜਨ ਕੀਤਾ ਗਿਆ ਅਤੇ ਅਲੌਕਿਕ ਦੀਪਮਾਲਾ ਕੀਤੀ ਗਈ।ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਦਰਸ਼ਨ ਇਸ਼ਨਾਨ ਕੀਤੇ।ਸ਼ਾਮ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗਰੀਨ ਆਤਿਸ਼ਬਾਜ਼ੀ ਕੀਤੀ ਗਈ। ਦੀਵਾਲੀ ਦੇ ਸਬੰਧ ਵਿੱਚ ਬਾਜ਼ਾਰਾਂ ਵਿੱਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਲੋਕਾਂ ਨੇ ਆਪਣੇ ਘਰਾਂ ਨੂੰ ਸਜਾਉਣ ਲਈ ਦੀਵੇ, ਮੋਮਬੱਤੀਆਂ, ਰੰਗੋਲੀ ਦਾ ਸਮਾਨ ਅਤੇ ਲਾਈਟਾਂ ਦੀ ਜ਼ੰਮ ਕੇ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਮਿਠਾਈਆਂ ਦੀਆਂ ਦੁਕਾਨਾਂ `ਤੇ ਵੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।ਲੋਕਾਂ ਨੇ ਜਲੇਬੀਆਂ, ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਅਤੇ ਫਲ-ਫਰੂਟਾਂ ਦੀ ਖਰੀਦਦਾਰੀ ਕਰਕੇ ਇੱਕ-ਦੂਜੇ ਨੂੰ ਤੋਹਫੇ ਅਤੇ ਵਧਾਈਆਂ ਦਿੱਤੀਆਂ।


ਸ਼ਾਮ ਨੂੰ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਰੋਸ਼ਨੀ ਕੀਤੀ ਗਈ ਅਤੇ ਘਰਾਂ ਦੇ ਬਾਹਰ ਰੰਗ-ਬਰੰਗੀਆਂ ਲਾਈਟਾਂ ਲਗਾਈਆਂ ਗਈਆਂ ਜਿਸ ਨਾਲ ਪੂਰਾ ਸ਼ਹਿਰ ਜਗਮਗਾ ਉੱਠਿਆ।ਰਾਤ ਹੁੰਦੇ ਹੀ ਆਸਮਾਨ ਆਤਿਸ਼ਬਾਜ਼ੀ ਨਾਲ ਗੂੰਜ ਉੱਠਿਆ। ਬੱਚਿਆਂ ਤੋਂ ਲੈ ਕੇ ਵਡੇਰਿਆਂ ਤੱਕ ਸਾਰਿਆਂ ਨੇ ਰਲ-ਮਿਲ ਕੇ ਪਟਾਕੇ ਚਲਾਏ ਅਤੇ ਖੁਸ਼ੀਆਂ ਮਨਾਈਆਂ। ਦੇਰ ਰਾਤ ਤੱਕ ਪਟਾਕਿਆਂ ਦੀ ਆਵਾਜ਼ ਅਤੇ ਰੰਗ-ਬਿਰੰਗੀ ਆਤਿਸ਼ਬਾਜ਼ੀ ਨਾਲ ਮਾਹੌਲ ਪੂਰੀ ਤਰ੍ਹਾਂ ਉਤਸ਼ਾਹਪੂਰਨ ਬਣਿਆ ਰਿਹਾ। ਇਸ ਤਿਉਹਾਰ ਨੇ ਇੱਕ ਵਾਰ ਫਿਰ ਆਪਸੀ ਭਾਈਚਾਰੇ, ਪ੍ਰੇਮ ਅਤੇ ਏਕਤਾ ਦਾ ਸੁਨੇਹਾ ਦਿੱਤਾ। ਲੋਕਾਂ ਨੇ ਇੱਕ-ਦੂਜੇ ਦੇ ਘਰ ਜਾ ਕੇ ਦੀਵਾਲੀ ਦੇ ਤੋਹਫੇ ਅਤੇ ਮੁਬਾਰਕਾਂ ਦਿੱਤੀਆਂ।

Check Also

ਆਓ! ਐਤਕੀ ਦੀਵਾਲੀ ਤੇ ‘ਨਸ਼ਾਂ ਮੁੱਕਤ ਪੰਜਾਬ’ ਦਾ ਦੀਵਾ ਜਗਾਈਏ

ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਂਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ …