Tuesday, November 10, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਦੀਵਾਲੀ, ਰਿਸ਼ੀ ਨਿਰਵਾਣ ਦਿਵਸ ਅਤੇ ਭਾਈ ਦੂਜ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਦੀਵਾਲੀ, ਰਿਸ਼ੀ ਨਿਰਵਾਣ ਦਿਵਸ ਅਤੇ ਭਾਈ ਦੂਜ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਅਧਿਆਤਮਿਕ ਭਾਵਨਾ ਨਾਲ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਪਰਮਾਤਮਾ ਅੱਗੇ ਅਰਦਾਸ ਕਰਕੇ ਕੀਤੀ ਗਈ, ਜਿਸ ਵਿੱਚ ਸਾਰਿਆਂ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ ਗਈ।
ਸਕੂਲ ਦਾ ਸਮੁੱਚਾ ਵਾਤਾਵਰਨ ਪਵਿੱਤਰ ਮੰਤਰਾਂ ਦੇ ਉਚਾਰਨ ਨਾਲ ਗੂੰਜ਼ ਉਠਿਆ।ਵਿਦਿਆਰਥੀਆਂ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀ ਅਯੁੱਧਿਆ ਵਾਪਸੀ ਨੂੰ ਦਰਸਾਉਂਦੀ ਇੱਕ ਪ੍ਰਭਾਵਸ਼ਾਲੀ ਨਾਟਕੀ ਪੇਸ਼ਕਾਰੀ ਕੀਤੀ ਗਈ। ਇਸ ਪਸ਼ੇਕਾਰੀ ਰਾਹੀਂ ਅੰਦਰੂਨੀ ਬੁਰਾਈਆਂ ਉਤੇ ਜਿੱਤ ਪ੍ਰਾਪਤ ਕਰਨ ਅਤੇ ਸੱਚਾਈ, ਸਦਾਚਾਰ ਤੇ ਦਇਆ ਦੇ ਮਾਰਗ ਉੱਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ।ਵਿਦਿਆਰਥੀਆਂ ਨੇ ਵਾਤਾਵਰਨ-ਅਨੁਕੂਲ ਅਤੇ ਪਟਾਕਿਆਂ ਤੋਂ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਵੀ ਲਿਆ।
ਰਿਸ਼ੀ ਨਿਰਵਾਣ ਦਿਵਸ ਵੀ ਮਨਾਇਆ ਗਿਆ, ਜੋ ਆਰੀਆ ਸਮਾਜ ਦੇ ਦੂਰਦਰਸ਼ੀ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਯਾਦ ਨੂੰ ਸਮਰਪਿਤ ਸੀ।ਵਿਦਿਆਰਥੀਆਂ ਨੇ ਸਮਾਜਿਕ ਅਤੇ ਧਾਰਮਿਕ ਸੁਧਾਰਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।ਭਾਈ ਦੂਜ ਦੇ ਮਹੱਤਵ ਨੂੰ ਦਰਸਾਉਂਦਿਆਂ ਵਿਦਿਆਰਥੀਆਂ ਵੱਲੋਂ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਭੈਣ-ਭਰਾ ਦੇ ਪਿਆਰ ਅਤੇ ਸਨੇਹ ਦੇ ਪਵਿੱਤਰ ਰਿਸ਼ਤੇ ਨੂੰ ਬਾਖੂਬੀ ਦਰਸਾਇਆ ਗਿਆ।
ਸ੍ਰੀਮਤੀ ਸਵੀਨ ਪੁਰੀ ਮੈਨੇਜਰ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਸਕੂਲ ਦੀ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ।ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਦੇ ਅਸਲ ਮਹੱਤਵ ਨੂੰ ਸਮਝਦਿਆਂ ਮਿੱਟੀ ਦੇ ਦੀਵੇ ਜਗਾਉਣ, ਲੋੜਵੰਦਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਅਤੇ ਪਟਾਕਿਆਂ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ।

Check Also

ਖਾਲਸਾ ਕਾਲਜ ਵਿਖੇ ਦੀਵਾਲੀ ਉਤਸਵ-2026 ਮਨਾਇਆ ਗਿਆ 

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਨਾਵਲਕਾਰ …