Wednesday, November 11, 2026

ਪਿੰਡ ਕਿਲਾ ਜੀਵਨ ਸਿੰਘ ਵਿਖੇ ਕਮਿਊਨਿਟੀ ਬੇਸਡ ਰਿਹੈਬਿਲੀਟੇਸ਼ਨ (ਸੀ.ਬੀ.ਆਰ) ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪੋ੍ਰਜੈਕਟ ਦੇ ਅਧੀਨ ਚੱਲ ਰਹੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਵੱਲੋਂ ਪਿੰਡ ਕਿਲਾ ਜੀਵਨ ਸਿੰਘ ਵਿਖੇ ਕਮਿਊਨਿਟੀ ਬੇਸਡ ਰਿਹੈਬਿਲੀਟੇਸ਼ਨ (ਸੀ.ਬੀ.ਆਰ) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸੰਸਥਾ ਵਿੱਚ ਡੀ.ਐਡ ਸਪੈਸ਼ਲ ਐਜੂਕੇਸ਼ਨ (Heairng Impiarment) ਅਤੇ ਡੀ.ਐਡ. ਸਪੈਸ਼ਲ ਐਜੂਕੇਸ਼ਨ (Intellectual and Developmental Disaibilites) ਦੇ ਦੋ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ।
ਇਸ ਪ੍ਰੋਗਰਾਮ ਵਿੱਚ ਇੰਸਟੀਚਿਊਟ ਦੇ ਪ੍ਰਬੰਧਕ ਪ੍ਰੋਫੈਸਰ ਕੁਲਦੀਪ ਸਿੰਘ ਅਤੇ ਮੈਡਮ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ।ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਖਿਆ, ਪੁਨਰਵਾਸ ਅਤੇ ਉਪਲੱਬਧ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ।
ਸਰਕਾਰੀ ਹਾਈ ਸਕੂਲ ਵਿਖੇ ਪਿੰਡ ਵਾਸੀਆਂ ਅਤੇ ਸਕੂਲ ਦੇ ਨੁਮਾਇੰਦਿਆਂ ਨਾਲ ਇੱਕ ਜਾਗਰੂਕਤਾ ਮੀਟਿੰਗ ਵੀ ਕੀਤੀ ਗਈ।ਇਸ ਦੌਰਾਨ ਪ੍ਰੋਫੈਸਰ ਕੁਲਦੀਪ ਸਿੰਘ ਅਤੇ ਮੈਡਮ ਪ੍ਰਭਜੋਤ ਕੌਰ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਇਤਿਹਾਸ, ਭਗਤ ਪੂਰਨ ਸਿੰਘ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀਆਂ ਮਨੁੱਖਤਾ ਦੀ ਸੇਵਾ ਲਈ ਕੀਤੀਆਂ ਅਥਾਹ ਕੋਸ਼ਿਸ਼ਾਂ, ਵਾਤਾਵਰਣ ਦੀ ਸੰਭਾਲ ਅਤੇ ਸੰਸਥਾ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਸਿੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਮਿਊਨਿਟੀ ਬੇਸਡ ਰੀਹੈਬਿਲੀਟੇਸ਼ਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਘਰਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਸਮਾਜ ਦਾ ਹਿੱਸਾ ਬਣਨ, ਸਿੱਖਿਆ ਪ੍ਰਾਪਤ ਕਰਨ ਅਤੇ ਆਪਣੀਆਂ ਸਮਰੱਥਾਵਾਂ ਅਨੁਸਾਰ ਆਤਮ-ਨਿਰਭਰ ਬਣਨ ਦੇ ਮੌਕੇ ਦੇਣੇ ਚਾਹੀਦੇ ਹਨ।ਅਜਿਹੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪਰਿਵਾਰ, ਸਕੂਲ ਅਤੇ ਸਮਾਜ ਦਾ ਸਾਂਝਾ ਯੋਗਦਾਨ ਬਹੁਤ ਜ਼ਰੂਰੀ ਹੈ।
ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਕੁਲਦੀਪ ਸਿੰਘ ਅਤੇ ਮੈਡਮ ਪ੍ਰਭਜੋਤ ਕੌਰ ਦੇ ਨਾਲ ਮੈਡਮ ਮਨਦੀਪ ਕੌਰ, ਮੈਡਮ ਅਨੁਰਾਧਾ, ਮੈਡਮ ਮੀਨੂ ਅਤੇ ਰੁਸ਼ੀ ਵੀ ਵਿਸ਼ੇਸ਼ ਤੌਰ `ਤੇ ਮੌਜ਼ੂਦ ਸਨ।  ਅੰਤ ‘ਚ ਸੰਸਥਾ ਵੱਲੋਂ ਪਿੰਡ ਵਾਸੀਆਂ ਅਤੇ ਸਰਕਾਰੀ ਹਾਈ ਸਕੂਲ ਦੇ ਪ੍ਰਬੰਧਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

Check Also

ਭਗਵਾਨ ਵਾਲਮੀਕਿ ਜੀ ਦੇ ਪਾਵਨ ਸਰੂਪ ਦੀ ਪ੍ਰਾਣ ਪ੍ਰਤਿਸ਼ਠਾ ਅਤੇ ਮੂਰਤੀ ਸਥਾਪਨਾ ਸਬੰਧੀ ਧਾਰਮਿਕ ਸਮਾਗਮ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਜੰਡਿਆਲਾ ਗੁਰੂ ਵਿਖੇ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ …