ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਦੀਵਾਲੀ ਦੇ ਪਾਵਨ ਤਿਉਹਾਰ ਮੌਕੇ ਅੰਮ੍ਰਿਤਸਰ ਦੀ ਸੰਸਥਾ ਸਾਈਕਲ ਬਡੀਜ਼ ਵੱਲੋਂ ਅੰਮ੍ਰਿਤਸਰ ਤੋਂ ਸਾਈਕਲਾਂ ਰਾਹੀਂ ਅਟਾਰੀ ਸਰਹੱਦ ਨੇੜੇ ਸਥਿਤ ਬੀ.ਐਸ.ਐਫ ਦੀ ਇੱਕ ਚੌਕੀ ਵਿਖੇ ਪਹੁੰਚ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਬੀ.ਐਸ.ਐਫ ਦੇ ਜਵਾਨਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਭਾਰਤੀ ਫੌਜ, ਬੀ.ਐਸ.ਐਫ, ਹੋਰ ਪੈਰਾ ਮਿਲਟਰੀ ਬਲਾਂ ਅਤੇ ਪੰਜਾਬ ਪੁਲਿਸ ਦੇ ਜਵਾਨ ਦਸ਼ ਦੀ ਸੁਰੱਖਿਆ ਲਈ ਵੱਖ-ਵੱਖ ਸਰਹੱਦੀ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਰਹਿੰਦੇ ਹਨ।ਕਈ ਵਾਰ ਦੀਵਾਲੀ ਸਮੇਤ ਹੋਰ ਮਹੱਤਵਪੂਰਨ ਤਿਉਹਾਰ ਆਪਣੇ ਪਰਿਵਾਰਾਂ ਨਾਲ ਨਹੀਂ ਮਨਾ ਸਕਦੇ।ਉਨ੍ਹਾਂ ਕਿਹਾ ਕਿ ਦੇਸ਼ ਦੇ ਇਨ੍ਹਾਂ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਅਤੇ ਸਮਰਪਣ ਨੂੰ ਸਲਾਮ ਕਰਨ ਦੇ ਉਦੇਸ਼ ਨਾਲ ਸਾਈਕਲ ਬਡੀਜ਼ ਵੱਲੋਂ ਇਸ ਵਾਰ ਦੀਵਾਲੀ ਦਾ ਤਿਉਹਾਰ ਸਰਹੱਦ ’ਤੇ ਤਾਇਨਾਤ ਜਵਾਨਾਂ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ।ਇਸੇ ਤਹਿਤ ਸਾਈਕਲ ਬਡੀਜ਼ ਦੇ ਮੈਂਬਰਾਂ ਨੇ ਬੀ.ਐਸ.ਐਫ ਦੀ ਚੌਕੀ ਵਿਖੇ ਜਵਾਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੋਮਬੱਤੀਆਂ ਜਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ।ਉਨ੍ਹਾਂ ਜਵਾਨਾਂ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਹੌਸਲੇ ਅਤੇ ਦੇਸ਼ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ।
ਇਸ ਉਪਰੰਤ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਬਹਾਦਰ ਸੈਨਿਕਾਂ ਦੇ ਸਮਾਰਕ ਵਿਖੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਈਕਲ ਚਲਾਉਣਾ ਸਰੀਰ ਨੂੰ ਤੰਦਰੁਸਤ ਅਤੇ ਚੁਸਤ-ਫੁਰਤ ਰੱਖਣ ਦਾ ਇੱਕ ਵਧੀਆ ਸਾਧਨ ਹੈ।ਉਨ੍ਹਾਂ ਹਰ ਭਾਰਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਡਾ. ਹੀਰਾ ਸਿੰਘ, ਦੀਪਕ ਪਰਾਸ਼ਰ, ਕਵਲਜੀਤ ਸਿੰਘ, ਵਰਿੰਦਰ ਸਿੰਘ, ਅਨਿਲ ਕੁਮਾਰ ਸਮੇਤ ਸਾਈਕਲ ਬਡੀਜ਼ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Punjab Post Daily Online Newspaper & Print Media