Friday, November 13, 2026

ਖਾਲਸਾ ਯੂਨੀਵਰਸਿਟੀ ਵੱਲੋਂ ਸਾਹਿਤਕ ਸ਼ਾਮ ‘ਅਦਬੀ ਬੈਠਕ’ ਦਾ ਆਯੋਜਨ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਅਤੇ ਸਕੂਲ ਆਫ਼ ਲੈਂਗੁਏਜ਼ਜ ਵੱਲੋਂ ਉਰਦੂ ਵਿਅੰਗ ਅਤੇ ਦਾਸਤਾਨਗੋਈ ’ਤੇ ਆਧਾਰਿਤ ਇਕ ਸਾਹਿਤਕ ਸ਼ਾਮ ‘ਅਦਬੀ ਬੈਠਕ’ ਕਰਵਾਈ ਗਈ।ਜਿਸ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਫਨਕਾਰਾਂ ਦੇ ਫਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦਾਸਤਾਨਗੋਈ ’ਚ ਸ਼ਬਦਾਂ ਦਾ ਉਚਾਰਨ, ਹਾਵ-ਭਾਵ ਨਾਲ ਪੇਸ਼ਕਾਰੀ ਕੋਈ ਸਾਧਾਰਨ ਕਿਰਿਆ ਨਹੀਂ, ਬਲਕਿ ਸੁਲਝੇ ਹੋਏ ਕਲਾਕਾਰਾਂ ਦਾ ਕੰਮ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ’ਚ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਫੈਕਲਟੀ ਆਫ ਲੈਂਗੂਏਜ਼ਜ ਡੀਨ ਡਾ. ਰਮਿੰਦਰ ਕੌਰ ਨੇ ਸਾਂਝੇ ਤੌਰ ’ਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਡਾਇਰੈਕਟਰ ਪ੍ਰੀਖਿਆਵਾਂ ਡੀਨ ਡਾ. ਕੰਵਲਜੀਤ ਸਿੰਘ, ਧਰਮ ਅਧਿਐਨ ਵਿਭਾਗ ਮੁਖੀ ਡਾ. ਇੰਦਰਜੀਤ ਸਿੰਘ ਗੋਗੋਆਣੀ, ਵਿਦਿਆਰਥੀ ਭਲਾਈ ਡੀਨ ਡਾ. ਅਜੇ ਸਹਿਗਲ, ਸਰਕਾਰੀ ਕਾਲਜ, ਗੁਰਦਾਸਪਰ ਪਿ੍ਰੰਸੀਪਲ ਡਾ. ਅਸ਼ਵਨੀ ਭੱਲਾ ਦਾ ਸਵਾਗਤ ਕੀਤਾ।ਉਪਰੰਤ ਡਾ. ਕੁਮਾਰ ਨੇ ਕਿਹਾ ਨੇ ਸਮਾਗਮ ਦੇ ਮੁੱਖ ਕਲਾਕਾਰਾਂ ਡਾ. ਜੈਸ਼ਰੀ ਸੇਠੀ ਅਤੇ ਜਨਾਬ ਮੁਹੰਮਦ ਸਮੀਰ ਅਬਾਦਾਨ ਖ਼ਾਨ ਨਾਲ ਸਰੋਤਿਆਂ ਨੂੰ ਰੂਬਰੂ ਕਰਵਾਇਆ।ਉਨ੍ਹਾਂ ਸਮਾਗਮ ਦੇ ਮਕਸਦ ਨੂੰ ਸਰੋਤਿਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਸੰਵਾਦ, ਬਿਰਤਾਂਤ, ਬਹਿਸ-ਮੁਆਫਸੇ ਦੀ ਲੰਬੀ ਪਰੰਪਰਾ ਰਹੀ ਹੈ ਅਤੇ ਦਾਸਤਾਨਗੋਈ ਜਾਂ ਕਿੱਸਾਗੋਈ ਜਾਂ ਬਿਰਤਾਂਤ ਕਹਿਣ ਦਾ ਹੁਨਰ ਇਕ ਪੇਸ਼ਾਵਰ ਕਿੱਤੇ ਵਜੋਂ ਮਕਬੂਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਨਵੇਂ ਕਿੱਤੇ ਜਿਵੇਂ ਕਿ ਕਿੱਸਾ ਜਾਂ ਕਹਾਣੀ ਸੁਣਾਉਣ ਦੀ ਕਲਾ ਨੂੰ ਉਤਸ਼ਾਹਿਤ ਕਰਨਾ ਹੈ, ਕਿਉਂਕਿ ਕੁਸ਼ਲਤਾ ਭਰਪੂਰ ਵਿਦਿਆਰਥੀ ਇਕ ਚੰਗੇ ਅਤੇ ਉਸਾਰੂ ਸਮਾਜ ਦੀ ਸਿਰਜਣਾ ਕਰਦੇ ਹਨ।ਇਸ ਉਪਰੰਤ ਦੋਹਾਂ ਕਲਾਕਾਰਾਂ ਨੇ ਦਾਸਤਾਨਗੋਈ ਦੀ ਪਰੰਪਰਾ ਸੁਣਾਉਦਿਆਂ ਪਤਰਸ ਬੁਖਾਰੀ ਦੇ ਦੋ ਮਜ਼ਮੂਨਾਂ ਦਾ ਸਟੇਜ਼ ’ਤੇ ਬਿਰਤਾਂਤ ਸਿਰਜ਼ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਸਰੋਤਿਆਂ ਨੂੰ ਕੀਲਿਆ।
ਡਾ. ਮਹਿਲ ਸਿੰਘ ਨੇ ਸਟੇਜ ਤੋਂ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਮਜ਼ਮੂਨਾਂ ’ਚੋਂ ਕੁੱਝ ਘਟਨਾਵਾਂ ਨਾਲ ਜੋੜ ਕੇ ਪੰਜਾਬੀ ਸਾਹਿਤ ਜਗਤ ’ਚੋਂ ਕੁਝ ਕਿੱਸੇ ਵੀ ਸੁਣਾਏ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ’ਚ ਵਿਹਾਰਕ ਗਿਆਨ ਅਤੇ ਕਲਾਤਮਕ ਸੂਝ ’ਚ ਇਜ਼ਾਫ਼ਾ ਹੁੰਦਾ ਹੈ।ਸਮਾਗਮ ਮੌਕੇ ਡਾ. ਰਮਿੰਦਰ ਕੌਰ ਨੇ ਸਮੂਹ ਮਹਿਮਾਨਾਂ, ਕਲਾਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਰਸਮ ਦੇ ਅਰਥ ਅਤੇ ਸਾਰਥਿਕਤਾ ’ਤੇ ਚਾਨਣਾ ਪਾਇਆ।
ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਪ੍ਰੋਗਰਾਮ ਦਾ ਆਯੋਜਨ ਸਕੂਲ ਆਫ਼ ਐਜੂਕੇਸ਼ਨ ਅਸਿਸਟੈਂਟ ਪ੍ਰੋਫੈਸਰ ਡਾ. ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ।ਮੰਚ ਸੰਚਾਲਣ ਸਕੂਲ ਆਫ਼ ਪੰਜਾਬੀ ਸਟੱਡੀਜ ਸਹਾਇਕ ਪ੍ਰੋਫ਼ੈਸਰ ਡਾ. ਕੁਲਵੰਤ ਕੌਰ ਨੇ ਕੀਤਾ।

Check Also

ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ

ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …