ਅੰਮਿ੍ਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵੱਲੋਂ ਪਹਿਲੇ ਅੰਤਰ ਸਕੂਲ ਪ੍ਰਤਿਭਾ ਮੁਕਾਬਲੇ ਕਰਵਾਏ ਗਏ।ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਭਾਸ਼ਣ ਕਲਾ, ਫੈਂਸੀ ਡਰੈਸ, ਕਵਿਤਾ ਉਚਾਰਨ, ਮਹਿੰਦੀ ਲਗਾਉਣਾ, ਕੈਲੀਗ੍ਰਾਫੀ ਆਦਿ ਮੁਕਾਬਲਿਆਂ ’ਚ 20 ਸਕੂਲਾਂ ਦੇ ਲਗਭਗ 180 ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਇਨ੍ਹਾਂ ’ਚ ਅੰਮ੍ਰਿਤਸਰ ਦੇ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲੈ ਕੇ ਆਪਣੀ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।ਮੁਕਾਬਲੇ ’ਚ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਨੂੰ ਓਵਰ ਆਲ ਟਰਾਫੀ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਕੇਵਲ ਅਕਾਦਮਿਕ ਪ੍ਰੀਖਿਆਵਾਂ ’ਚ ਉੱਚ ਪੁਜ਼ੀਸ਼ਨਾਂ ਹਾਸਲ ਕਰਨ ਨੂੰ ਟੀਚਾ ਨਾ ਬਣਾ ਕੇ ਆਤਮ-ਵਿਸ਼ਵਾਸ ’ਚ ਵਾਧਾ, ਕੁਸ਼ਲਤਾਵਾਂ ਦੇ ਵਿਕਾਸ ਅਤੇ ਵਿਵਹਾਰਿਕ ਜੀਵਨ ’ਚ ਵਿਚਰਨ ਦੀ ਕਲਾ ’ਚ ਮੁਹਾਰਤ ਹਾਸਲ ਕਰਨ ਲਈ ਵੀ ਪ੍ਰੇਰਿਤ ਕੀਤਾ।ਇਸ ਤੋਂ ਪਹਿਲਾਂ ਸਕੂਲ ਆਫ਼ ਐਜੂਕੇਸ਼ਨ ਦੇ ਡੀਨ ਡਾ. ਖੁਸ਼ਵਿੰਦਰ ਕੁਮਾਰ ਨੇ ਡਾ. ਮਹਿਲ ਸਿੰਘ, ਐਗਜ਼ਾਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ, ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਸਾਬਕਾ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਐਜੂਕੇਸ਼ਨ ਕਾਲਜ ਦੇ ਸੇਵਾਮੁਕਤ ਐਸੋਸੀਏਟ ਪ੍ਰੋਫੈਸਰ ਡਾ. ਨਿਰਮਲਜੀਤ ਕੌਰ ਸਮੇਤ ਹੋਰਨਾਂ ਵੱਖ-ਵੱਖ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਡਾ. ਕੁਮਾਰ ਖੁਸ਼ੀਵੰਦਰ ਕੁਮਾਰ ਨੇ ਕਿਹਾ ਕਿ ਇਸ ਮੁਕਾਬਲੇ ਦਾ ਉਦੇਸ਼ ਯੂਨੀਵਰਸਿਟੀ ਅਤੇ ਸਕੂਲਾਂ ’ਚ ਸਬੰਧ ਨੂੰ ਸਥਾਪਿਤ ਕਰਨਾ ਹੈ ਤਾਂ ਜੋ ਭਵਿੱਖ ’ਚ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਸਕੂਲੀ ਪਾਠਕ੍ਰਮ ਅਤੇ ਹੋਰ ਅਕਾਦਮਿਕ ਅਤੇ ਸਹਿ ਅਕਾਦਮਿਕ ਗਤੀਵਿਧੀਆਂ ਦੀ ਰੂਪ ਰੇਖਾ ਉਲੀਕੀ ਜਾ ਸਕੇ।ਉਨ੍ਹਾਂ ਕਿਹਾ ਕਿ ਮੁਕਾਬਲੇ ’ਚ ਭਾਸ਼ਣ ਕਲਾ, ਫੈਂਸੀ ਡਰੈਸ, ਕਵਿਤਾ ਉਚਾਰਨ, ਮਹਿੰਦੀ ਲਗਾਉਣਾ, ਕੈਲੀਗ੍ਰਾਫੀ ਜਿਹੇ ਹੋਰ ਮੁਕਾਬਲਿਆਂ ਵਿੱਚ 20 ਸਕੂਲਾਂ ਦੇ ਲਗਭਗ 180 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਉਚ ਪੁਜ਼ੀਸ਼ਨਾਂ ਹਾਸਲ ਕੀਤੀਆਂ।ਉਨ੍ਹਾਂ ਕਿਹਾ ਕਿ ਮੁਕਾਬਲੇ ’ਚ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਨੇ ਓਵਰ ਆਲ ਟਰਾਫੀ ’ਤੇ ਕਬਜ਼ਾ ਕੀਤਾ।ਜੇਤੂ ਵਿਦਿਆਰਥੀਆਂ ਨੂੰ ਐਸੋਸੀਏਟ ਪ੍ਰੋਫੈਸਰ ਡਾ. ਗੁਰਜੀਤ ਕੌਰ ਨੇ ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।ਮੁਕਾਬਲੇ ਦਾ ਆਯੋਜਨ ਡਾ. ਰਾਜਵਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਅਵਨੀਤ ਕੌਰ, ਡਾ. ਅਰਵਿੰਦਰ ਕੌਰ ਅਤੇ ਡਾ. ਅੰਜ਼ੂ ਤਿਆਗੀ ਵੱਲੋਂ ਕੀਤਾ ਗਿਆ।
Punjab Post Daily Online Newspaper & Print Media