Saturday, November 14, 2026

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ `ਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.), ਅੰਮ੍ਰਿਤਸਰ ਮੁੱਖ ਸੇਵਾਦਾਰ ਪਦਮ ਭੂਸ਼ਣ ਡਾ. ਇੰਦਰਜੀਤ ਕੌਰ ਨੇ ਪੰਜਾਬ ਸਰਕਾਰ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਮਹਾਨ ਸਿੱਖ ਸ਼ਾਸਕ ਨਾਲ ਸਬੰਧਤ ਸਾਰੀਆਂ ਇਤਿਹਾਸਕ ਇਮਾਰਤਾਂ, ਮਹਿਲਾਂ ਅਤੇ ਯਾਦਗਾਰਾਂ ਦੀ ਮੁਕੰਮਲ ਮੁਰੰਮਤ, ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਆਮ ਲੋਕਾਂ ਲਈ ਪੂਰੀ ਤਰ੍ਹਾਂ ਖੋਲ੍ਹਣ ਨੂੰ ਪਹਿਲ ਦਿੱਤੀ ਜਾਵੇ।
ਮਹਾਰਾਜਾ ਰਣਜੀਤ ਸਿੰਘ ਜੀ ਦੇ ਧਰਮ-ਨਿਰਪੱਖ ਰਾਜ, ਦੂਰਅੰਦੇਸ਼ੀ ਅਗਵਾਈ ਅਤੇ ਪੰਜਾਬ ਦੀ ਸੱਭਿਆਚਾਰਕ ਤੇ ਭਵਨ ਨਿਰਮਾਣ ਕਲਾ ਨੂੰ ਦਿੱਤੀ ਅਦੁੱਤੀ ਦੇਣ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਰਾਮ ਬਾਗ਼ ਸਥਿਤ ਸਮਰ ਪੈਲੇਸ (ਗਰਮੀਆਂ ਦਾ ਮਹਿਲ), ਇਤਿਹਾਸਕ ਰਾਮ ਬਾਗ਼ ਗੇਟ, ਪੁਲ ਕਜ਼ਰੀ, ਸ਼ਾਨਦਾਰ ਗੋਬਿੰਦਗੜ੍ਹ ਕਿਲ੍ਹਾ, ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਅਤੇ ਵਾਰ ਮੈਮੋਰੀਅਲ ਅਜਾਇਬ ਘਰ ਵਰਗੀਆਂ ਇਮਾਰਤਾਂ ਭਾਰਤੀ ਇਤਿਹਾਸ ਦੇ ਸੁਨਹਿਰੀ ਯੁੱਗ ਦੀਆਂ ਜਿਊਂਦੀਆਂ-ਜਾਗਦੀਆਂ ਮਿਸਾਲਾਂ ਹਨ।
ਡਾ. ਇੰਦਰਜੀਤ ਕੌਰ ਨੇ ਕਿਹਾ, “ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਕੇਵਲ ਇਤਿਹਾਸ ਦੀਆਂ ਕਿਤਾਬਾਂ ਦਾ ਇੱਕ ਅਧਿਆਇ ਨਹੀਂ ਹੈ।ਇਹ ਇੱਕ ਅਨਮੋਲ ਸੱਭਿਆਚਾਰਕ ਵਿਰਾਸਤ ਅਤੇ ਪੰਜਾਬ ਤੇ ਸਮੁੱਚੀ ਦੁਨੀਆਂ ਦੇ ਲੋਕਾਂ ਦਾ ਹੈ।ਭਾਵੇਂ ਬੀਤੇ ਸਾਲਾਂ ਦੌਰਾਨ ਕੁੱਝ ਹਿੱਸਿਆਂ ਦੀ ਸਾਂਭ-ਸੰਭਾਲ ਦੇ ਯਤਨ ਕੀਤੇ ਗਏ ਹਨ, ਪਰ ਕਈ ਅਹਿਮ ਵਿਰਾਸਤੀ ਇਮਾਰਤਾਂ ਅਤੇ ਹਿੱਸਿਆਂ ਨੂੰ ਅਜੇ ਵੀ ਤੁਰੰਤ ਮੁਰੰਮਤ ਦੀ ਲੋੜ ਹੈ, ਜਾਂ ਉਹ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹਨ। ਇਨ੍ਹਾਂ ਯਾਦਗਾਰਾਂ ਨੂੰ ਉਨ੍ਹਾਂ ਦੀ ਅਸਲ ਸ਼ਾਨੋ-ਸ਼ੌਕਤ ਵਿੱਚ ਸੰਭਾਲਣਾ ਅਤੇ ਲੋਕਾਂ ਦੀ ਆਸਾਨ ਪਹੁੰਚ ਯਕੀਨੀ ਬਣਾਉਣਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡਾ ਨੈਤਿਕ ਫ਼ਰਜ਼ ਹੈ।”

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਦਾ ’ਵਰਸਿਟੀ ਇਮਤਿਹਾਨਾਂ ’ਚ ਸ਼ਾਨਦਾਰ ਸਥਾਨ

ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …