Sunday, November 15, 2026

ਜਨਗਣਨਾ-2027 ਦੇ ਚਾਰਜ਼ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਦਿੱਤੀ ਵਿਸ਼ੇਸ਼ ਸਿਖਲਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਜਨਗਣਨਾ-2027 (ਆਬਾਦੀ ਦੀ ਗਣਨਾ) ਦੇ ਦੂਜੇ ਪੜਾਅ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੁਚਾਰੂ, ਸਮਾਂਬੱਧ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਸਮੂਹ ਚਾਰਜ਼ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਇਸ ਸਿਖਲਾਈ ਦੌਰਾਨ 16 ਤੋਂ 30 ਨਵੰਬਰ 2026 ਤੱਕ ਉਪਲੱਬਧ ਰਹਿਣ ਵਾਲੀ ਸਵੈ-ਗਣਨਾ ਦੀ ਸਹੂਲਤ ਅਤੇ ਘਰ-ਘਰ ਜਾ ਕੇ ਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
 ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਜਨਗਣਨਾ ਦੇ ਦੂਜੇ ਪੜਾਅ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਨਗਣਨਾ ਇੱਕ ਮਹੱਤਵਪੂਰਨ ਰਾਸ਼ਟਰੀ ਕਾਰਜ਼ ਹੈ ਅਤੇ ਇਸ ਦੌਰਾਨ ਇਕੱਤਰ ਕੀਤਾ ਜਾਣ ਵਾਲਾ ਡਾਟਾ ਭਵਿੱਖ ਦੀਆਂ ਵਿਕਾਸ ਯੋਜਨਾਵਾਂ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਲੋਕ ਭਲਾਈ ਨੀਤੀਆਂ ਬਣਾਉਣ ਲਈ ਅਹਿਮ ਆਧਾਰ ਬਣਦਾ ਹੈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਜਾਣਕਾਰੀ ਇਕੱਤਰ ਕਰਨ ਸਮੇਂ ਪੂਰੀ ਸਟੀਕਤਾ, ਭਰੋਸੇਯੋਗਤਾ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਮਾਸਟਰ ਟ੍ਰੇਨਰ ਰਾਜਵਿੰਦਰ ਸਿੰਘ ਨੇ ਜਨਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ ਵਾਲੇ ਅਹਿਮ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰਜ਼ ਦੀਆਂ ਹੱਦਾਂ ਦੀ ਪੜਤਾਲ, ਨਜ਼ਰੀ ਨਕਸ਼ਿਆਂ ਨੂੰ ਅੰਤਿਮ ਰੂਪ ਦੇਣਾ, ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਤਾਇਨਾਤੀ ਦੀ ਪੁਸ਼ਟੀ, ਐਪ ਦੀ ਇੰਸਟਾਲੇਸ਼ਨ ਅਤੇ ਲਾਗਇਨ ਦੀ ਜਾਂਚ, ਸਮੱਗਰੀ ਅਤੇ ਪਛਾਣ ਪੱਤਰਾਂ ਦੀ ਵੰਡ ਸਮੇਤ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ।ਉਨ੍ਹਾਂ ਨੇ ਸਬੰਧਤ ਚਾਰਜ਼ ਅਫ਼ਸਰਾਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਇਸ ਦੌਰਾਨ ਮਾਸਟਰ ਟ੍ਰੇਨਰ ਅੰਮ੍ਰਿਤਪਾਲ ਸਿੰਘ ਨੇ ਸਵੈ-ਗਣਨਾ ਪ੍ਰਕਿਰਿਆ ਦਾ ਲਾਈਵ ਪ੍ਰੈਕਟੀਕਲ ਪ੍ਰਦਰਸ਼ਨ ਕੀਤਾ।ਉਨ੍ਹਾਂ ਨੇ ਅਧਿਕਾਰੀਆਂ ਨੂੰ ਅਧਿਕਾਰਤ ਪੋਰਟਲ ’ਤੇ ਲਾਗਇਨ ਕਰਨ, ਓ.ਟੀ.ਪੀ. ਰਾਹੀਂ ਤਸਦੀਕ ਕਰਨ, ਪਰਿਵਾਰਕ ਵੇਰਵੇ ਭਰਨ, ਆਮ ਤੌਰ ’ਤੇ ਆਉਣ ਵਾਲੀਆਂ ਤਕਨੀਕੀ ਸਮੱਸਿਆਵਾਂ ਦਾ ਹੱਲ ਕਰਨ ਅਤੇ ਸਵੈ-ਗਣਨਾ ਆਈ.ਡੀ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਸਮਝਾਈ।ਉਨ੍ਹਾਂ ਨੇ ਦੱਸਿਆ ਕਿ ਘਰ-ਘਰ ਜਾ ਕੇ ਗਣਨਾ ਦੌਰਾਨ ਗਣਨਾਕਾਰਾਂ ਵੱਲੋਂ ਸਵੈ-ਗਣਨਾ ਆਈ.ਡੀ ਦੀ ਤਸਦੀਕ ਕੀਤੀ ਜਾਵੇਗੀ ਅਤੇ ਪਰਿਵਾਰਕ ਵੇਰਵਿਆਂ ਵਿੱਚ ਹੋਈ ਕਿਸੇ ਤਬਦੀਲੀ ਨੂੰ ਵੀ ਅਪਡੇਟ ਕੀਤਾ ਜਾਵੇਗਾ।
ਸੁਪਰਵਾਈਜ਼ਰਾਂ ਨੂੰ ਗਣਨਾਕਾਰਾਂ ਦੀ ਅਗਵਾਈ ਕਰਨ, ਡਾਟਾ ਸਿੰਕ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰਨ ਅਤੇ ਫੀਲਡ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ।ਇਸ ਸਿਖਲਾਈ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਪੰਜ ਜ਼ੋਨਾਂ ਪੂਰਬੀ, ਪੱਛਮੀ, ਕੇਂਦਰੀ, ਦੱਖਣੀ ਅਤੇ ਉਤਰੀ ਦੇ ਸਮੂਹ ਚਾਰਜ਼ ਅਫ਼ਸਰਾਂ ਅਤੇ ਸਬੰਧਤ ਸੁਪਰਵਾਈਜ਼ਰਾਂ ਨੇ ਸ਼ਮੂਲੀਅਤ ਕੀਤੀ।ਇਸੇ ਦੌਰਾਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਹੈ ਕਿ ਜਨਗਣਨਾ ਡਿਊਟੀ ’ਤੇ ਤਾਇਨਾਤ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਬਿਨਾਂ ਅਗਾਊਂ ਪ੍ਰਵਾਨਗੀ ਤੋਂ ਛੁੱਟੀ ਨਹੀਂ ਲਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਦੇ ਦੂਜੇ ਪੜਾਅ ਤਹਿਤ ਨਾਗਰਿਕ 16 ਤੋਂ 30 ਨਵੰਬਰ 2026 ਤੱਕ ਨਿਰਧਾਰਤ ਵੈੱਬਸਾਈਟ ਰਾਹੀਂ ਆਪਣੇ ਪਰਿਵਾਰ ਦੇ ਵੇਰਵੇ ਖ਼ੁਦ ਦਰਜ ਕਰ ਸਕਣਗੇ।ਇਸ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਣਨਾਕਾਰਾਂ ਵੱਲੋਂ ਘਰ-ਘਰ ਜਾ ਕੇ ਆਬਾਦੀ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ।ਇਸ ਪ੍ਰਕਿਰਿਆ ਦੌਰਾਨ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਲਗਭਗ 40 ਸਵਾਲ ਪੁੱਛੇ ਜਾਣਗੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਵੈ-ਗਣਨਾ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਪਰਿਵਾਰ ਸਬੰਧੀ ਸਹੀ ਤੇ ਮੁਕੰਮਲ ਜਾਣਕਾਰੀ ਦਰਜ਼ ਕਰਵਾਉਣ।

Check Also

ਗੁਰੂ ਨਗਰੀ ਅੰਮ੍ਰਿਤਸਰ ਵਿਖੇ 3 ਤੋਂ 7 ਦਸੰਬਰ ਤੱਕ ਲੱਗੇਗਾ 20ਵਾਂ ਪਾਈਟੈਕਸ ਮੇਲਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿਖੇ 20ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ …