Sunday, March 8, 2026

ਕਿਸਾਨ ਖੁਦਕੁਸ਼ੀਆਂ ਰੋਕਣ ਲਈ ਤੁਰੰਤ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇ – ਸੁਖਬੀਰ ਬਾਦਲ

ਮਨਪ੍ਰੀਤ ਬਾਦਲ ਖ਼ਿਲਾਫ ਮੇਜਰ ਸਿੰਘ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਜਾਵੇ
ਅਜਨਾਲਾ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਵਿਚੋਂ ਕਿਸਾਨ ਖੁਦਕੁਸ਼ੀਆਂ ਦੇ PPN2607201725ਮੰਦਭਾਗੇ ਰੁਝਾਣ ਨੂੰ ਨੱਥ ਪਾਉਣ ਲਈ ਸਾਰੇ ਕਿਸਾਨੀ ਕਰਜ਼ਿਆਂ ਨੂੰ ਤੁਰੰਤ ਮੁਆਫ ਕੀਤੇ ਜਾਣ ਦੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਉੁਹਨਾਂ ਕਾਂਗਰਸ ਸਰਕਾਰ ਨੂੰ ਆਖਿਆ ਹੈ ਕਿ ਉਹ ਕਿਸਾਨ ਮੇਜਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ ਦੇਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਇੱਥੇ ਮੇਜਰ ਸਿੰਘ ਦੇ ਪਰਿਵਾਰ ਨੂੰ ਮਿਲਣ ਮਗਰੋਂ ਐਲਾਨ ਕੀਤਾ ਕਿ ਉਹਨਾਂ ਨੇ ਅਕਾਲੀ ਦਲ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਨਿਰਦੇਸ਼ ਦੇ ਦਿੱਤਾ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਇਹਨਾਂ ਪਰਿਵਾਰਾਂ ਤੋਂ ਹਲਫੀਆ ਬਿਆਨ ਲੈਣਗੇ ਕਿ ਕੀ ਉਹਨਾਂ ਨੰੂ ਵਾਅਦੇ ਮੁਤਾਬਿਕ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਗਈ ਹੈ ਜਾਂ ਨਹੀਂ?
ਪੀੜਤ ਪਰਿਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਉਹਨਾਂ ਨੇ ਇਸ ਉਮੀਦ ਨਾਲ ਕਾਂਗਰਸ ਪਾਰਟੀ ਨੂੰ ਵੋਟ ਪਾਈ ਸੀ ਕਿ ਵਾਅਦੇ ਮੁਤਾਬਿਕ ਉਹਨਾਂ ਦਾ ਕਰਜ਼ਾ ਮੁਆਫ ਹੋ ਜਾਵੇਗਾ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਕਰਜ਼ਾ ਮੁਆਫੀ ਦੇ ਮੁੱਦੇ ਉੱਤੇ ਸਰਕਾਰ ਦੇ ਰੋਜ਼ ਪਲਟਵੇਂ ਬਿਆਨਾਂ ਨੂੰ ਪੜ੍ਹ ਕੇ ਮੇਜਰ ਸਿੰਘ ਨਿਰਾਸ਼ ਹੋਣਾ ਸ਼ੁਰੂ ਹੋ ਗਿਆ ਸੀ।ਉਹਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਕਰਜ਼ਾ ਮੁਆਫੀ ਵਾਸਤੇ ਸਿਰਫ 1500 ਕਰੋੜ ਰੁਪਏ ਰੱਖਣ ਦਾ  ਜਿਹੜਾ ਭੱਦਾ ਮਜ਼ਾਕ ਕੀਤਾ ਗਿਆ ਸੀ, ਉਸ ਨਾਲ ਮੇਜਰ ਸਿੰਘ ਯਕੀਨ ਹੋ ਗਿਆ ਸੀ ਕਿ ਉਸ ਦਾ ਕਰਜ਼ਾ ਮੁਆਫ ਨਹੀਂ ਹੋਵੇਗਾ ਅਤੇ ਦੁਖੀ ਹੋ ਕੇ ਉਸ ਨੇ ਜਾਨ ਦੇਣ ਦਾ ਫੈਸਲਾ ਕਰ ਲਿਆ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹੀ ਮੁੱਖ ਵਜ੍ਹਾ ਸੀ, ਜਿਸ ਕਰਕੇ ਅਕਾਲੀ ਦਲ ਨੇ ਇਹ ਮੰਗ ਕੀਤੀ ਸੀ ਕਿ ਵਿੱਤ ਮੰਤਰੀ ਖਿਲਾਫ ਮੇਜਰ ਸਿੰਘ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿਚ ਮੁਕੰਮਲ ਕਰਜ਼ਾ ਮੁਆਫੀ ਲਈ ਕੀਤੀ ਵਚਨਬੱਧਤਾ ਨੂੰ ਅਮਲੀ ਜਾਮਾ ਪਹਿਣਾਉਣ ਵਿਚ ਵਿੱਤ ਮੰਤਰੀ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਕਿਸਾਨਾਂ ਦੇ 1500 ਕਰੋੜ ਰੁਪਏ ਮੁਆਫ ਕਰਨ ਦੇ ਵਾਅਦੇ ਨੂੰ ਵੀ ਪੂਰਾ ਨਹੀ ਕੀਤਾ ਗਿਆ।ਇਸ ਸੰਬੰਧੀ ਸਰਕਾਰ ਵੱਲੋਂ ਅਜੇ ਤੀਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਜਦ ਤੱਕ ਕਾਂਗਰਸ ਸਰਕਾਰ ਮੁੱਖ ਮੰਤਰੀ ਵੱਲੋਂ ਕੀਤੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਨਹੀ ਕਰਦੀ, ਅਕਾਲੀ ਦਲ ਚੈਨ ਨਾਲ ਨਹੀਂ ਬੈਠੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ ਪਾਰਟੀ ਜਲਦੀ ਹੀ ਇੱਕ ਅੰਦੋਲਨ ਦੀ ਰੂਪ ਰੇਖਾ ਉਲੀਕੇਗੀ।ਉਹਨਾਂ ਨੇ ਇਸ ਮੌਕੇ ਮੇਜਰ ਸਿੰਘ ਦੇ ਸਿਰ ਚੜ੍ਹੇ ਸਾਰੇ ਕਰਜ਼ੇ ਨੂੰ ਤੁਰੰਤ ਮੁਆਫ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਮੇਜਰ ਸਿੰਘ ਦੇ ਪਰਿਵਾਰ ਨੇ ਦੱਸਿਆ ਹੈ ਕਿ ਉਸ ਨੇ ਰਾਸ਼ਟਰੀਕਿ੍ਰਤ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਆੜ੍ਹਤੀਆਂ ਤੋਂ ਕਰਜ਼ਾ ਲਿਆ ਸੀ।ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ  10 ਲੱਖ ਰੁਪਏ ਦਾ ਮੁਆਵਜ਼ਾ ਅਤੇ ਖੁਦਕੁਸ਼ੀ ਪੀੜਤ ਦੇ ਬੇਟੇ ਨੂੰ ਪੁਲਿਸ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਕ ਇਕ ਕਿਸਾਨ ਦੀ ਮੌਤ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਹਨਾਂ ਵਿਰੁੱਧ ਖੁਦਕੁਸ਼ੀ ਕਰ ਗਏ ਸਾਰੇ ਕਿਸਾਨਾਂ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਮਨਪ੍ਰੀਤ ਕਾਂਗਰਸ ਚੋਣ ਮੈਨੀਫੈਸਟੋ ਦੇ ਕਰਤਾ ਅਤੇ ਜਾਰੀ ਕਰਤਾ ਹਨ, ਜੋ ਕਿਸਾਨਾਂ ਦੀ ਸਥਿਤੀ ਤੋਂ ਜਾਣੂ ਹਨ।ਉਹਨਾਂ ਕਿਹਾ ਕਿ ਕਾਂਗਰਸ ਦੇ ਝੂਠੇ ਲਾਰਿਆਂ ਕਾਰਨ ਅੱਜ ਹਰ ਰੋਜ਼ ਦੋ ਕਰਜ਼ਾਈ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਉਹਨਾਂ ਮੰਗਾਂ ਨਾ ਮੰਨਿਆਂ ਜਾਣ ’ਤੇ ਜ਼ਬਰਦਸਤ ਸੰਘਰਸ਼ ਦਾ ਸਾਹਮਣੇ ਕਰਨ ਲਈ ਤਿਆਰ ਰਹਿਣ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ।
ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਬੋਨੀ ਅਮਰਪਾਲ ਸਿੰਘ ਅਜਨਾਲਾ, ਹਰਮੀਤ ਸਿੰਘ ਸੰਧੂ, ਮਲਕੀਤ ਸਿੰਘ ਏ ਆਰ, ਰਵਿੰਦਰ ਸਿੰਘ ਬ੍ਰਹਮਪੁਰਾ, ਵਿਰਸਾ ਸਿੰਘ ਵਲਟੋਹਾ, ਡਾ: ਦਲਬੀਰ ਸਿੰਘ ਵੇਰਕਾ, ਤਲਬੀਰ ਸਿੰਘ ਗਿੱਲ, ਮੇਜਰ ਸਿੰਘ ਸ਼ਿਵੀ, ਸਤਿੰਦਰਪਾਲ ਸਿੰਘ ਮਰਗਿੰਦਪੁਰਾ, ਬਲਦੇਵ ਸਿੰਘ ਤੇੜਾ, ਤਰਸੇਮ ਸਿੰਘ, ਸੁਰਜੀਤ ਮਸੀਹ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply