Saturday, March 7, 2026

ਤਰਕਸ਼ੀਲਾਂ ਸਿਖਿਆ ਦੇ ਹੋ ਰਹੇ ਭਗਵੇਂਕਰਨ `ਤੇ ਤੁਰੰਤ ਰੋਕ ਲਾਉਣ ਦੀ ਕੀਤੀ ਮੰਗ

ਪਾਸ਼ ਦੀ ਕਵਿਤਾ ਸਭ ਤੋਂ ਖ਼ਤਰਨਾਕ ਐਨ.ਸੀ.ਈ.ਆਰ.ਟੀ ਪੁਸਤਕ `ਚੋਂ ਹਟਾਉਣ ਦੀ ਨਿਖੇਧੀ
ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕੌਮਾਂਤਰੀ ਪ੍ਰਸਿੱਧ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਬੇਹਦ ਮਕਬੂਲ Educationਇਨਕਲਾਬੀ ਕਵਿਤਾ ਸਭ ਤੋਂ ਖ਼ਤਰਨਾਕ ਤੋਂ ਇਲਾਵਾ ਰਾਬਿੰਦਰਨਾਥ ਟੈਗੋਰ, ਮਿਰਜਾ ਗਾਲਿਬ ਅਤੇ ਐਮ.ਐਫ ਹੁਸੈਨ ਦੇ ਵਿਚਾਰਾਂ ਨੂੰ ਐਨ.ਸੀ.ਈ.ਆਰ.ਟੀ ਦੀਆਂ ਪੁਸਤਕਾਂ ਵਿਚੋਂ ਹਟਾਉਣ ਸਬੰਧੀ ਆਰ.ਐਸ.ਐਸ ਵਿਚਾਰਧਾਰਕ ਦੀਨਾ ਨਾਥ ਬੱਤਰਾ ਦੇ ਸੁਝਾਅ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਿਖਿਆ ਦੇ ਹੋ ਰਹੇ ਭਗਵੇਂਕਰਨ ਉਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।
ਸੁਸਾਇਟੀ ਦੀ ਅੰਮਿ੍ਰਤਸਰ ਇਕਾਈ ਦੇ ਜਥੇਬੰਦਕ ਮੁੱਖੀ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ ਅਤੇ ਸੁਖਮੀਤ ਸਿੰਘ ਨੇ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਦਿੱਤੇ ਪ੍ਰੈਸ ਬਿਆਨ ਵਿਚ ਕਿਹਾ ਕਿ ਮੋਦੀ ਸਰਕਾਰ ਆਰਐਸਐਸ ਅਤੇ ਭਾਜਪਾ ਦੇ ਹਿੰਦੂਤਵ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਵਿਦਿਅਕ ਅਤੇ ਸਭਿਆਚਾਰਕ ਸੰਸਥਾਵਾਂ ਅਤੇ ਸਿਖਿਆ ਦਾ ਭਗਵਾਂਕਰਨ ਕਰਨ ਉਤੇ ਤੁਲੀ ਹੋਈ ਹੈ, ਜਿਸ ਦਾ ਹਮਖਿਆਲ ਜਥੇਬੰਦੀਆਂ ਦੇ ਸਾਂਝੇ ਮੁਹਾਜ ਵਲੋਂ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਤਰਕਸ਼ੀਲ ਆਗੂਆਂ ਦਸਿਆ ਕਿ ਅਵਤਾਰ ਪਾਸ਼ ਦੀ ਇਸ ਕਵਿਤਾ ਵਿਚ ਸਮਾਜ ਦੇ ਮਿਹਨਤਕਸ਼ ਵਰਗ ਨੂੰ ਆਪਣੇ ਜਮਹੂਰੀ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਲੁਟੇਰੇ, ਭਿ੍ਰਸ਼ਟ ਅਤੇ ਫਿਰਕੂ ਰਾਜ ਪ੍ਰਬੰਧ ਖਿਲਾਫ ਜਥੇਬੰਦਕ ਸੰਘਰਸ਼ ਕਰਨ ਦਾ ਹੋਕਾ ਦਿੱਤਾ ਹੈ, ਜਿਸ ਵਿਚ ਕੁੱਝ ਵੀ ਗਲਤ ਅਤੇ ਦੇਸ਼ ਵਿਰੋਧੀ ਨਹੀਂ ਹੈ, ਪਰ ਮੋਦੀ ਸਰਕਾਰ ਅਤੇ ਆਰ. ਐਸ.ਐਸ ਵਲੋਂ ਇਕ ਸਾਜਿਸ਼ ਤਹਿਤ ਸਿਖਿਆ ਪ੍ਰਾਠਕ੍ਰਮ ਵਿਚੋਂ ਪ੍ਰਗਤੀਸ਼ੀਲ ਅਤੇ ਇਨਕਲਾਬੀ ਵਿਚਾਰਧਾਰਾ ਦੇ ਪਾਠਕ੍ਰਮ ਬਾਹਰ ਕੱਢ ਕੇ ਅੰਧ ਵਿਸ਼ਵਾਸ ਫੈਲਾਉਣ ਵਾਲੇ ਮਿਥਿਹਾਸਕ, ਕਾਲਪਨਿਕ ਅਤੇ ਗੈਰ ਵਿਗਿਆਨਕ ਪਾਠਕ੍ਰਮ ਸ਼ਾਮਲ ਕੀਤੇ ਜਾ ਰਹੇ ਹਨ, ਜੋ ਕਿ ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐਚ) ਦੀ ਸਰਾਸਰ ਉਲੰਘਣਾ ਹੈ।
ਤਰਕਸ਼ੀਲ ਆਗੂਆਂ ਨੇ ਪੰਜਾਬ ਅਤੇ ਦੇਸ਼ ਦੇ ਸਮੂਹ ਵਰਗਾਂ ਨਾਲ ਸਬੰਧਤ ਪ੍ਰਗਤੀਸ਼ੀਲ ਸੰਗਠਨਾਂ ਅਤੇ ਅਗਾਂਹਵਧੂ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਨਾਟਕਕਾਰਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਅਤੇ ਸੰਘ ਦੇ ਫਿਰਕੂ ਏਜੰਡਿਆਂ ਅਤੇ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਦੇ ਖਿਲਾਫ ਅਤੇ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੇ ਹੱਕ ਵਿਚ ਉਸੇ ਤਰਾਂ ਦਾ ਜਥੇਬੰਦਕ ਸੰਘਰਸ਼ ਵਿਢਿਆ ਜਾਵੇ ਜਿਵੇਂ ਦੋ ਸਾਲ ਪਹਿਲਾਂ ਤਰਕਸ਼ੀਲ ਬੁੱਧੀਜੀਵੀਆਂ ਦੀਆਂ ਹੱਤਿਆਵਾਂ ਤੋਂ ਬਾਅਦ ਫਿਰਕੂ ਤੇ ਫਾਸ਼ੀਵਾਦੀ ਅਸਹਿਣਸ਼ੀਲਤਾ ਦੇ ਖਿਲਾਫ ਲਾਮਬੰਦ ਕੀਤਾ ਗਿਆ ਸੀ।ਇਸ ਮੌਕੇ ਮਾਸਟਰ ਕੁਲਜੀਤ ਵੇਰਕਾ, ਕਾਮਰੇਡ ਅਜੀਤ ਸਿੰਘ, ਮੇਜਰ ਸਿੰਘ ਤੇ ਹੋਰ ਸ਼ਾਮਲ ਹੋਏ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply