ਨਵਜੋਤ ਸਿੱਧੂ ਕੈਪਟਨ ਨੂੰ ਧੋਖਾ ਦੇਣ ਲਈ ਤਿਆਰ – ਬਿਕਰਮ ਮਜੀਠੀਆ
ਬਾਬਾ ਬਕਾਲਾ, 7 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ
ਹੁਣ ਕਾਂਗਰਸ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕਰੇਗੀ।ਪਰ ਕਾਂਗਰਸ ਸਰਕਾਰ ਨੂੰ ਇਹ ਜ਼ਿੰਮੇਵਾਰੀ ਕੇਂਦਰ ਉੱਤੇ ਨਹੀਂ ਸੁੱਟਣੀ ਚਾਹੀਦੀ, ਇਸ ਦੀ ਥਾਂ ਪੰਜਾਬੀਆਂ ਨੂੰ ਧੋਖਾ ਦੇਣ ਲਈ ਉਹਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਥੇ ਰੱਖੜ ਪੁੰਨਿਆ ਦੇ ਮੌਕੇ ਉਤੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੰੂ ਆਪਣੀ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ‘ਚ ਨਾਕਾਮੀ ਦਾ ਦੋਸ਼ ਕੇਂਦਰ ਸਰਕਾਰ ਉਤੇ ਮੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਦਿਆਂ ਲੱਖਾਂ ਕਿਸਾਨਾਂ ਤੋਂ ਕਰਜ਼ਾ ਮੁਆਫੀ ਦੇ ਫਾਰਮ ਭਰਵਾਏ ਸਨ।ਪਰ ਇਸ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਕੰਮ ਵਾਸਤੇ ਬਜ਼ਟ ਵਿਚ ਸਿਰਫ 1500 ਕਰੋੜ ਰੁਪਏ ਰੱਖੇ ਹਨ।ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਉਹ ਇਸ ਮਾਮੂਲੀ ਰਾਸ਼ੀ ਨੂੰ ਵੀ ਜਾਰੀ ਨਹੀਂ ਕਰ ਸਕਦੀ।ਉਹਨਾਂ ਕਿਹਾ ਕਿ ਉਹ ਮਨਪ੍ਰੀਤ ਬਾਦਲ ਨੂੰ ਸਿਰਫ ਇੱਕ ਗੱਲ ਪੁੱਛਣਾ ਚਾਹੁੰਦੇ ਹਨ ਕਿ ਉਸ ਨੇ ਕਿਸਾਨਾਂ ਨਾਲ ਅਜਿਹਾ ਧੋਖਾ ਕਿਉਂ ਕੀਤਾ ਹੈ? ਉਹ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਪਹਿਲਾਂ ਵੀ ਚਾਰ ਸਾਲ ਵਿੱਤ ਮੰਤਰੀ ਰਿਹਾ ਸੀ।ਉਹ ਪੰਜਾਬ ਦੀ ਵਿੱਤੀ ਹਾਲਤ ਬਾਰੇ ਚੰਗੀ ਤਰਾਂ ਜਾਣਦਾ ਸੀ ਅਤੇ ਇਹ ਗੱਲ ਵੀ ਜਾਣਦਾ ਸੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਸਕਣਗੇ ਜਾਂ ਨਹੀਂ।ਉਸ ਦੇ ਝੂਠੇ ਵਾਅਦੇ ਕਰਕੇ ਪਿਛਲੇ 150 ਦਿਨਾਂ ਵਿਚ 200 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।
ਬਾਦਲ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਨੇ ਸਿਰਫ ਇਕੋ ਕੰਮ ਕੀਤਾ ਹੈ, ਉਹ ਹੈ ਅਕਾਲੀ ਵਰਕਰਾਂ ਖਿਲਾਫ ਝੂਠੇ ਪਰਚੇ ਦਰਜ ਕਰਨਾ ਅਤੇ ਗਰੀਬਾਂ ਅਤੇ ਦਲਿਤਾਂ ਉੱਤੇ ਅੱਤਿਆਚਾਰ ਕਰਨਾ।ਉਹਨਾਂ ਕਿਹਾ ਕਿ ਉਹ ਪਾਰਟੀ ਦੀ ਜਬਰ ਵਿਰੋਧੀ ਲਹਿਰ ਦੌਰਾਨ 5 ਅਸੰਬਲੀ ਹਲਕਿਆਂ ਦਾ ਦੌਰਾ ਕਰ ਚੁੱਕੇ ਹਨ, ਜਿਸ ਦੌਰਾਨ ਪਤਾ ਲੱਗਾ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਹੈ।ਨਿੱਕੀ ਉਮਰ ਦੇ ਮੰੁਡਿਆਂ ਤੇ ਔਰਤਾਂ ਨੂੰ ਵੀ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ।ਇਥੋਂ ਤੱਕ ਕਿ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਸਮੱਰਥਕਾਂ ਨੇ ਇੱਕ ਫੌਜੀ ਜਵਾਨ ਦੀ ਜ਼ਮੀਨ ਉੱਤੇ ਵੀ ਕਰਜ਼ਾ ਕਰ ਲਿਆ ਹੈ।
ਇਹ ਕਹਿੰਦਿਆਂ ਕਿ ਅਕਾਲੀ ਦਲ ਇਹਨਾਂ ਝੂਠੇ ਕੇਸਾਂ ਤੋਂ ਨਹੀਂ ਡਰੇਗਾ, ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਬਹਾਦਰੀ ਨਾਲ ਕਰਨ ਲਈ ਆਖਿਆ।ਉਹਨਾਂ ਪਾਰਟੀ ਵਰਕਰਾਂ ਨੂੰ ਆਖਿਆ ਕਿ ਜੇਕਰ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾਂਦਾ ਹੈ ਤਾਂ ਉਹ ਥਾਣਿਆਂ ਦਾ ਘਿਰਾਓ ਕਰਨ।ਉਹਨਾਂ ਕਿਹਾ ਕਿ ਜੇ ਕੋਈ ਪੁਲਿਸ ਅਫਸਰ ਕਾਂਗਰਸੀ ਆਗੂਆਂ ਦੀ ਸ਼ਹਿ `ਤੇ ਕਿੜਾਂ ਕੱਢਦਾ ਮਿਲਿਆ ਤਾਂ ਉਸ ਵਿਰੁੱਧ ਮੁਕੱਦਮਾ ਕਰਨਗੇ।
ਕਾਂਗਰਸ ਵਿਰੁੱਧ ਲੱਗ ਰਹੇ ਦੋਸ਼ਾਂ ਦੇ ਜੁਆਬ ਮੰਗਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਅਕਾਲੀ-ਭਾਜਪਾ ਕਾਰਜਕਾਲ ਨਾਲੋਂ 6 ਗੁਣਾ ਵੱਧ ਕੀਮਤਾਂ `ਤੇ ਰੇਤਾ ਵੇਚ ਰਹੇ ਹਨ।ਇਸ ਤਰਾਂ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਬੇਟੀ ਦੀਪਾ ਚੱਢਾ ਨੂੰ ਸ਼ਰਾਬ ਦੇ ਕਾਰੋਬਾਰ ਦੇ ਵੱੱਡਾ ਹਿੱਸਾ ਦਿੱਤੇ ਜਾਣ ਮਗਰੋਂ ਸ਼ਰਾਬ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ।ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਹਕੂਮਤ ਅਧੀਨ ਬੇਅਦਬੀ ਦੇ ਕੇਸਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ।
ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਕਾਂਗਰਸ ਬੱਸਾਂ ਭੇਜ ਕੇ ਅਤੇ ਗਾਇਕ ਮਨਪ੍ਰੀਤ ਸੰਧੂ ਦੀ ਸੇਵਾ ਲੈ ਕੇ ਵੀ ਲੋਕਾਂ ਨੂੰ ਆਪਣੀ ਰੈਲੀ ਵੱਲ ਨਹੀਂ ਖਿੱਚ ਸਕੀ।ਉਹਨਾਂ ਕਿਹਾ ਕਿ ਸਠਿਆਲਾ ਕਾਲਜ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਹੈਲੀਪੈਡ ਬਣਾ ਕੇ ਡਰਾਮਾ ਰਚਿਆ ਗਿਆ ਸੀ, ਪਰ ਉਹ ਵਾਅਦਾ ਕਰਕੇ ਵੀ ਨਹੀਂ ਆਇਆ।ਉਹਨਾਂ ਕਿਹਾ ਕਿ ਆਪ ਤਾਂ ਕਾਨਫਰੰਸ ਦੀ ਝਾਕੀ ਤਕ ਨਹੀਂ ਦਿਖਾ ਸਕੀ।
ਮਜੀਠੀਆ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ਦੋਹਾਂ ਨੂੰ ਕਰੜੇ ਹੱਥੀਂ ਲਿਆ।ਉਹਨਾਂ ਕਿਹਾ ਕਿ ਸਿੱਧੂ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਸੇ ਤਰਾਂ ਧੋਖਾ ਦੇਣ ਲਈ ਤਿਆਰ ਹੈ, ਜਿਸ ਤਰਾਂ ਉਸ ਨੇ ਆਪਣੇ ਉਸਤਾਦਾਂ ਅਰੁਣ ਜੇਤਲੀ, ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਸੀ।ਉਹ ਵਿਧਾਇਕਾਂ ਨੂੰ ਇਕੱਠੇ ਕਰਕੇ ਬਗਾਵਤ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ, ਪਰ ਨਾਕਾਮ ਹੋ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰਾਂ ਮਨਪ੍ਰੀਤ ਸਿੰਘ ਬਾਦਲ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੀ ਦੁਰਵਰਤੋਂ ਕਰ ਰਿਹਾ ਹੈ।ਉਹਨਾਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਮੋਟਰ ਸਾਇਕਲ ਟੈਕਸੀ ਡਰਾਇਵਰ ਬਣਾ ਕੇ ਧੋਖਾ ਦੇ ਰਹੇ ਹੋ।ਤੁਹਾਡੀ ਘਰ ਘਰ ਨੌਕਰੀ ਦੀ ਸਕੀਮ ਦਾ ਕੀ ਬਣਿਆ ? ਕੀ ਇੱਕ ਮਹਾਨ ਸ਼ਹੀਦ ਦੇ ਨਾਂ `ਤੇ ਰੁਜ਼ਗਾਰ ਦੇਣ ਦਾ ਤੁਹਾਡਾ ਇਹੀ ਤਰੀਕਾ ਹੈ?
ਇਸ ਮੌਕੇ ਸਾਂਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਾਗੀਰ ਕੌਰ, ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਲਖਬੀਰ ਸਿੰਘ ਲੋਧੀਨੰਗਲ, ਮਲਕੀਤ ਸਿੰਘ ਏ.ਆਰ ਅਤੇ ਸਰਬਜੀਤ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media