ਬਾਬਾ ਬਕਾਲਾ ਸਾਹਿਬ, 7 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ
ਅੱਜ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਨਾਲ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ 10 ਸਤੰਬਰ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਸ਼ਾਲ ਪੱਧਰ ਤੇ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਇਤਿਹਾਸ ਅੰਦਰ ਵੱਡੀ ਮਹਾਨਤਾ ਹੈ, ਕਿਉਂਕਿ ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਮਾ ਸਮਾਂ ਭਗਤੀ ਕੀਤੀ ਸੀ।ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਸਾਲਾਨਾ ਜੋੜ ਮੇਲੇ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤ ਪੁੱਜ ਕੇ ਸ਼ਰਧਾ ਤੇ ਸਤਿਕਾਰ ਭੇਟ ਕਰਦੀ ਹੈ।ਪ੍ਰੋ: ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਗਤ ਸਾਹਮਣੇ ਪ੍ਰਗਟ ਹੋਣ ਸਮੇਂ ਗੁਰੂ ਦੇ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਦਾ ਪ੍ਰਸੰਗ ਵੀ ਇਥੋਂ ਦੇ ਇਤਿਹਾਸ ਨਾਲ ਜੁੜਦਾ ਹੈ।ਉਨ੍ਹਾਂ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਭਾਈ ਮੱਖਣ ਸ਼ਾਹ ਲੁਬਾਣਾ ਸਾਹਮਣੇ ਅਖੌਤੀ ਪਾਖੰਡੀਆਂ ਦੀ ਵੱਡੀ ਚੁਣੌਤੀ ਸੀ, ਜਿਸ ਵਿਚੋਂ ਗੁਰੂ ਬਖਸ਼ਿਸ਼ ਸਦਕਾ ਉਹ ਸਹਿਜਤਾ ਨਾਲ ਪਾਰ ਹੋਏ। ਉਨ੍ਹਾਂ ਕਿਹਾ ਕਿ ਅੱਜ ਵੀ ਪੰਥ ਸਾਹਮਣੇ ਪਾਖੰਡੀਆਂ ਦੀ ਵੱਡੀ ਚੁਣੌਤੀ ਹੈ, ਜਿਸ ਤੋਂ ਸਾਵਧਾਨ ਹੋਣ ਦੀ ਲੋੜ ਹੈ।ਉਨ੍ਹਾਂ ਸੰਗਤ ਨੂੰ ਵਹਿਮਾਂ-ਭਰਮਾਂ ਤੇ ਪਾਖੰਡਵਾਦ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰਬਾਣੀ ਹੀ ਸਿੱਖ ਸੰਗਤਾਂ ਲਈ ਸੱਚਾ ਮਾਰਗ ਦਰਸ਼ਨ ਕਰਦੀ ਹੈ ਜਿਸ ਦੀ ਸਿੱਖਿਆ ਨੂੰ ਅਮਲ ਵਿਚ ਲਿਆਉਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ।ਪ੍ਰੋ: ਬਡੂੰਗਰ ਨੇ ਸਮਾਜਕ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦਾਜ, ਭਰੂਣ ਹੱਤਿਆ, ਨਸ਼ਾਖੋਰੀ, ਕਿਸਾਨੀ ਖੁਦਕੁਸ਼ੀਆਂ, ਵਹਿਮ-ਭਰਮ, ਗੁਰੂ-ਡੰਮ੍ਹ ਆਦਿ ਜਿਹੀਆਂ ਕੁਰੀਤੀਆਂ ਤੋਂ ਬਚਣ ਲਈ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਹਿਜ ਤੇ ਸਾਦਗੀ ਵਾਲਾ ਮਾਰਗ ਦਿਖਾਇਆ ਹੈ ਜਿਸ ਤੋਂ ਟੁੱਟਣ ਕਾਰਨ ਸਾਨੂੰ ਅਜਿਹੀਆਂ ਚੁਣੌਤੀਆਂ ਦਰਪੇਸ਼ ਹਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media