ਤਰਨ ਤਾਰਨ, 8 ਅਗਸਤ (ਪੰਜਾਬ ਪੋਸਟ ਬਿਊਰੋ) – ਮੈਂਬਰ ਪਾਰਲੀਮੈਂਟ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਕੈਬਿਨੇਟ ਮੰਤਰੀ
ਬਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਤਾਇਨਾਤ ਫੌਜੀ ਜਸਪਾਲ ਸਿੰਘ ਵਾਸੀ ਪਿੰਡ ਰਾਹਲ ਚਾਹਲ ਦੀ ਮਸ਼ੀਨ ’ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਦੋਸ਼ੀਆਂ ਖਿਲਾਫ 7 ਦਿਨਾਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ `ਤੇ ਜਬਰ ਵਿਰੋਧੀ ਲਹਿਰ ਤਹਿਤ ਜ਼ੋਰਦਾਰ ਸੰਘਰਸ਼ ਵਿੱਢੇਗਾ।ਡੀ.ਸੀ ਤਰਨ ਤਾਰਨ ਪ੍ਰਦੀਪ ਸਭਰਵਾਲ ਨੂੰ ਇਕ ਵਫ਼ਦ ਦੇ ਰੂਪ ਵਿਚ ਮਿਲਣ ਉਪਰੰਤ ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਉਸ ਦੇ ਪੀ.ਏ ਜਸਵਿੰਦਰ ਸਿੰਘ ਅਤੇ ਹੋਰ ਕਾਂਗਰਸੀ ਵਰਕਰਾਂ ਦੀ ਸ਼ਹਿ `ਤੇ ਬਹੁਤ ਹੀ ਮਾੜੀ ਹਰਕਤ ਕਰਕੇ ਨਾਇਕ ਜਸਪਾਲ ਸਿੰਘ ਵਾਸੀ ਪਿੰਡ ਰਾਹਲ ਚਾਹਲ ਜ਼ਿਲਾ ਤਰਨ ਤਾਰਨ ਜੋ ਮੌਜੂਦਾ ਸਮੇਂ ਜੰਮੂ ਕਸ਼ਮੀਰ ਵਿੱਚ ਤਾਇਨਾਤ ਹੈ, ਦੀ 16 ਕਨਾਲ ਜ਼ਮੀਨ `ਤੇ ਗੈਰਕਾਨੂੰਨੀ ਢੰਗ ਨਾਲ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ।ਵਫ਼ਦ ਨੇ ਡੀ.ਸੀ ਤਰਨ ਤਾਰਨ ਪਾਸੋਂ ਫੌਜੀ ਜਵਾਨ ਦੀ ਖੋਹੀ ਗਈ ਜ਼ਮੀਨ ਉਸ ਨੂੰ ਜਲਦੀ ਨਾਲ ਵਾਪਸ ਦਿਵਾਉਣ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਉਨਾਂ ਕਿਹਾ ਕਿ ਬਟਾਲਾ ਵਿਖੇ ਜਬਰ ਵਿਰੋਧੀ ਲਹਿਰ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਫੌਜੀ ਜਵਾਨ ਨੂੰ ਇਨਸਾਫ਼ ਦਿਵਾਉਣ ਦਾਾ ਯਕੀਨ ਦਿਵਾਇਆ ਸੀ ਅਤੇ ਸੁਖਬੀਰ ਸਿੰਘ ਬਾਦਲ ਨੇ ਫੌਜੀ ਨਾਇਕ ਜਸਪਾਲ ਸਿੰਘ ਨੂੰ ਹੌਸਲਾ ਤੇ ਹਿੰਮਤ ਰੱਖਣ ਲਈ ਜ਼ੋਰ ਦਿੰਦਿਆਂ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਮਨਾ ਕੀਤਾ, ਪਰ ਜੇਕਰ ਨਾਇਕ ਜਸਪਾਲ ਸਿੰਘ ਨੂੰ ਇਨਸਾਫ਼ ਨਾ ਮਿਲਿਆ ਤੇ ਉਸ ਨੂੰ ਖ਼ੁਦਕੁਸ਼ੀ ਕਰਨ ਤੋ ਕੋਈ ਵੀ ਨਹੀਂ ਰੋਕ ਸਕਦਾ ਅਤੇ ਉਸ ਦੀ ਖ਼ੁਦਕੁਸ਼ੀ ਹੋ ਜਾਣ ਦੀ ਸੂਰਤ ਵਿੱਚ ਕਾਂਗਰਸ ਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦਾ ਪੀ.ਏ ਜਸਵਿੰਦਰ ਸਿੰਘ ਸਿੱਧੇ ਤੌਰ `ਤੇ ਜ਼ਿੰਮੇਵਾਰ ਹੋਣਗੇ।ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਡੀ.ਸੀ ਨੂੰ 7 ਦਿਨਾਂ ਦੇ ਅੰਦਰ ਕਾਰਵਾਈ ਕਰਨ ਲਈ ਆਖਿਆ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ `ਤੇ ਜਬਰ ਵਿਰੋਧੀ ਲਹਿਰ ਦੇ ਤਹਿਤ ਜ਼ੋਰਦਾਰ ਸੰਘਰਸ਼ ਵਿਢੇਗਾ।
ਫੌਜੀ ਨਾਇਕ ਜਸਪਾਲ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕੀ ਕੁੱਝ ਸਮਾਂ ਪਹਿਲਾਂ ਵੀ ਅਦਾਲਤ ਰਾਹੀ ਕੇਸ ਉਸ ਦੇ ਪਰਿਵਾਰ ਦੇ ਹੱਕ ਵਿੱਚ ਹੋਇਆ ਸੀ, ਪਰ ਫਿਰ ਵੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦਾ ਪੀ.ਏ ਜਸਵਿੰਦਰ ਸਿੰਘ ਦੀ ਕਥਿਤ ਸ਼ਹਿ `ਤੇ ਉਸ ਦੇ ਕੁੱਝ ਵਿਅਕਤੀਆਂ ਵਲੋਂ ਜ਼ਮੀਨ `ਤੇ ਜਬਰਨ ਕਬਜ਼ਾ ਕੀਤਾ ਹੋਇਆ ਹੈ।
ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ, ਰਵਿੰਦਰ ਸਿੰਘ ਬ੍ਰਹਮਪੁਰਾ, ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ.ਆਰ,ਤਲਬੀਰ ਸਿੰਘ ਗਿਲ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media