ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੇਰਾ ਸਿਰਸਾ ’ਚ ਸਾਧਵੀਆਂ ਨਾਲ ਜਬਰ ਜਨਾਹ ਦੇ ਮਸਲੇ ’ਤੇ ਗੁਰਮੀਤ ਰਾਮ ਰਹੀਮ ਬਾਰੇ 25 ਅਗਸਤ ਨੂੰ ਆਉਣ ਵਾਲੇ ਫ਼ੈਸਲੇ ’ਤੇ ਸਿੱਖਾਂ ਨੂੰ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰਦਿਆ ਦਲ ਖ਼ਾਲਸਾ ਨੇ ਉਹਨਾਂ ਨੂੰ ਸੁਚੇਤ ਹੋ ਕੇ ਆਪਣੀ ਰੱਖਿਆ ਆਪ ਕਰਨ ਦਾ ਸੱਦਾ ਦਿੱਤਾ, ਕਿਉਂਕਿ ਇਹ ਮਾਮਲਾ ਡੇਰਾ ਸਾਧ ਤੇ ਭਾਰਤੀ ਸਟੇਟ ਦਾ ਹੈ।ਦਲ ਖ਼ਾਲਸਾ ਨੇ ਸਪੱਸ਼ਟ ਕਿਹਾ ਕਿ ਉਹ ਹੁਲੜਬਾਜਾਂ, ਗੈਰ ਸਮਾਜਿਕ ਅਨਸਰਾਂ ਦੇ ਕੋਝੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।ਜਿਕਰਯੋਗ ਹੈ ਕਿ ਸਰਸਾ ਸਾਧ ਵੱਲੋਂ ਡੇਰੇ ਵਿੱਚ ਸਾਧਵੀਆਂ ਦਾ ਸਰੀਰਕ ਸ਼ੋਸਣ ਦੇ ਮਾਮਲੇ ਵਿੱਚ 25 ਅਗਸਤ ਨੂੰ ਸੀ.ਬੀ.ਆਈ ਦੀ ਅਦਾਲਤ ਵੱਲੋਂ ਪੰਚਕੂਲਾ ’ਚ ਸੁਣਾਏ ਜਾ ਰਹੇ ਫ਼ੈਸਲੇ ’ਤੇ ਦਬਾਅ ਪਾਉਣ ਲਈ ਪੰਜਾਬ ਵਿੱਚ ਡੇਰਾ ਸਰਧਾਲੂਆਂ ਅਤੇ ਸਿੱਖਾਂ ਵਿੱਚ ਪੂਰੀ ਸਾਜਿਸ਼ ਤਹਿਤ ਟਕਰਾਅ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਦਲ ਖ਼ਾਲਸਾ ਨੇ ਦੱਸਿਆ ਕਿ ਅਜਿਹੇ ਟਕਰਾਅ ਜਾਣ ਬੁਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਮਾੜੇ ਮਨਸੂਬਿਆਂ ਤਹਿਤ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਿੱਖਾਂ ਨਾਲ ਇਸ ਮਸਲੇ ਦਾ ਕੋਈ ਸਬੰਧ ਨਹੀਂ ਹੈ।
ਬਠਿੰਡਾ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਸੂਬਾ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਖ਼ਾਲਸਾ ਗੁਰੂਸਰ ਮਹਿਰਾਜ, ਮਾਲਵਾ ਆਗੂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਸੁਰਿੰਦਰ ਸਿੰਘ ਨਥਾਣਾ, ਜੀਵਨ ਸਿੰਘ ਗਿੱਲ ਕਲਾਂ, ਸਿੱਖ ਸਟੂਡੈਂਟਸ ਫੈਡਰੇਸ਼ਨ 1984 ਦੇ ਪਰਨਜੀਤ ਸਿੰਘ ਜੱਗੀ ਕੋਟ ਫ਼ੱਤਾ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਤੇ ਸਿੱਖ ਵਿਰੋਧੀ ਹਕੂਮਤਾਂ ਵੱਲੋਂ ਸਿੱਖਾਂ ਨਾਲ ਸੋਚੀ ਸਮਝੀ ਸਾਜਿਸ ਤਹਿਤ ਲੜਾਈ ਦੀਆਂ ਕੋਸ਼ਿਸਾਂ ਦੋਰਾਨ ਸਿੱਖ ਕਿਸੇ ਪੁਲਿਸ ਜਾ ਸਰਕਾਰ ਦੇ ਕਿਸੇ ਹਿੱਸੇ ਤੋਂ ਆਪਣੀ ਹਿਫ਼ਾਜਤ ਲਈ ਝਾਕ ਰੱਖਣ ਦੀ ਬਜਾਏ ਆਪਣੀ ਰੱਖਿਆ ਆਪ ਕਰਨਗੇ।ਉਨਾਂ ਹਿੰਦੂ, ਮੁਸਲਮਾਨ, ਈਸਾਈ ਅਤੇ ਸਿੱਖ ਭਰਾਵਾਂ ਨੂੰ ਬੇਨਤੀ ਕੀਤੀ ਕਿ ਡੇਰਾ ਮਾਮਲੇ ਵਿੱਚ ਉਹ ਹਕੂਮਤ ਪੱਖੀ ਮੌਕਾ ਪ੍ਰਸਤ ਨੇਤਾਵਾਂ ਤੇ ਹੋਰ ਹੁਲੜਵਾਜ ਗੁੰਡਾ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮਯਾਬ ਬਣਾ ਦੇਣ ਜਿਹੜੇ ਕਿ ਪੰਜਾਬ ਦੀ ਫ਼ਿਜਾ ਵਿੱਚ ਹਿੰਸਾ ਦੇ ਲਾਬੂ ਲਾਉਣ ਦੀ ਤਾਕ ਵਿੱਚ ਹਨ।ਦਲ ਖ਼ਾਲਸਾ ਦੇ ਆਗੂਆਂ ਨੇ ਕਿਹਾ ਕਿ ਜਦੋਂ ਇਹ ਸਾਫ਼ ਹੈ ਕਿ ਜਬਰ ਜਨਾਹ ਮਾਮਲੇ ਵਿੱਚ ਡੇਰਾ ਸਾਧ ਨੂੰ ਦੋਸੀ ਠਹਿਰਾਏ ਜਾਣ ਮਗਰੋਂ ਆ ਰਹੇ ਫੈਸਲੇ ਦਾ ਪੰਜਾਬੀਆਂ ਨਾਲ ਕੋਈ ਸਬੰਧ ਨਹੀਂ ਤਾਂ ਫਿਰ ਪੰਜਾਬ ਦੇ ਲੋਕਾਂ ਵਿੱਚ ਪ੍ਰਸ਼ਾਸਨ ਸੁਰੱਖਿਆ ਤਿਆਰੀਆਂ ਦੇ ਨਾਂਅ ਹੇਠ ਕਿਉਂ ਦਹਿਸਤ ਫੈਲਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਲਾਸ਼ਾਂ ਦੇ ਢੇਰ ਲਾਉਣ ਅਤੇ ਅਜਿਹੀਆਂ ਹੋਰ ਖੁੱਲੇ ਆਮ ਧਮਕੀਆਂ ਅਤੇ ਕਾਂਗਰਸੀ ਹਕੂਮਤ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਚਿਆ ਅਡੰਬਰ ਸਪੱਸ਼ਟ ਦਰਸਾਉਦਾ ਹੈ ਕਿ ਇਹ ਸਭ ਕੁੱਝ ਬਲਾਤਕਾਰ ਦੇ ਮਾਮਲੇ ਵਿੱਚ ਅਦਾਲਤੀ ਪ੍ਰਣਾਲੀ ’ਤੇ ਦਬਾਅ ਪਾ ਕੇ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ।
ਦਲ ਖ਼ਾਲਸਾ ਮਾਲਵਾ ਜੋਨ ਦੇ ਆਗੂ ਭਾਈ ਗੁਰਵਿੰਦਰ ਸਿੰਘ ਬਠਿੰਡਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਧਵੀਆਂ ਨਾਲ ਜਬਰ ਜਨਾਹ ਦੀ ਘਟਨਾ ਡੇਰਾ ਅੰਦਰ ਹੋਈ ਜਿਹੜੀ ਕਿ ਹਰਿਆਣਾ ਸੂਬੇ ਵਿੱਚ ਹੈ ਅਤੇ ਇਸ ਸਬੰਧੀ ਕੇਸ ਵੀ ਹਰਿਆਣਾ ਸੂਬੇ ਵਿੱਚ ਹੀ ਸਥਿਤ ਪੰਚਕੂਲਾ ਵਿਖੇ ਸੀ.ਬੀ.ਆਈ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਇੱਥੋਂ ਹੀ ਫੈਸਲਾ ਆਉਣਾ ਹੈ ਅਤੇ ਇਸ ਦਾ ਵੀ ਸਿੱਧਾ ਹਰਿਆਣਾ ਹੈ, ਪਰ ਪੰਜਾਬ ਨੂੰ ਇੱਕ ਸੋਚੀ ਸਮਝੀ ਸਾਜਿਸ ਤਹਿਤ ਨਿਸਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਵਾਲੇ ਮਾਹੌਲ ਨੂੰ ਲਾਂਬੂ ਲਾਇਆ ਜਾ ਸਕੇ। ਦਲ ਖ਼ਾਲਸਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਡੇਰਾ ਸਾਧ ਦੇ ਜਬਰ ਜਨਾਹ ਮਾਮਲੇ ਨੂੰ ਸਿੱਖਾਂ ਤੇ ਡੇਰਾ ਪ੍ਰੇਮੀਆਂ ਦੀ ਲੜਾਈ ਬਣਾਉਣ ’ਤੇ ਤੁਲੇ ਹੋਏ ਹਨ ਅਤੇ ਆਮ ਸਿੱਖ ਇਸ ’ਤੇ ਗੁੰਮਰਾਹ ਹੋ ਰਹੇ ਹਨ।
ਉਹਨਾਂ ਹਿੰਦੂਤਵੀ ਹਕੂਮਤੀ ਅਤੇ ਹਿੰਦੂਤਵੀ ਜਥੇਬੰਦੀਆਂ ’ਤੇ ਡੇਰਾ ਸਿਰਸਾ ਨੂੰ ਪੁਸ਼ਤਪਨਾਹੀ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਰ ਸਰਕਾਰ ਨੇ ਗੁਰਮੀਤ ਰਾਮ ਰਹੀਮ ਨੂੰ ਸੰਗੀਨ ਕੇਸਾਂ ਵਿੱਚ ਦੋਸ਼ੀ ਹੋਣ ਦੇ ਬਾਵਜੂਦ ਜੈਡ ਸੁਰੱਖਿਆ ਦੇ ਰੱਖੀ ਹੈ।ਜਥੇਬੰਦੀ ਇਹ ਮੰਗ ਕਰਦੀ ਹੈ ਕਿ ਹੁਣ ਵੋਟਾਂ ਦੀ ਕੋਝੀ ਰਾਜਨੀਤੀ ਤੋਂ ਉੱਪਰ ਉੱਠ ਕੇ ਹੁਲੜਬਾਜਾਂ ਨੂੰ ਖੁੱਲਾ ਖੇਡਣ ਛੋਟ ਦੇਣ ਦੀ ਬਜਾਏ ਇਹਨਾਂ ਨੂੰ ਤੁਰੰਤ ਨੱਥ ਪਾਵੇ।ਸਿੱਖੀ ਸਿਧਾਤਾਂ ਨੂੰ ਖੋਰਾ ਲਾਉਣ ਲਈ ਡੇਰਾਵਾਦ ਨੂੰ ਪ੍ਰਫੁੱਲਤ ਕਰਨ ਖਾਤਰ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਸਭ ਇੱਕੋ ਥੈਲੀ ਦੇ ਚੱਟੇ ਵੱਟੇ ਹਨ ਅਤੇ ਇਹ ਸਾਰੇ ਹੀ ਡੇਰਾ ਸਾਧ ਨੂੰ ਹੱਲਾਸ਼ੇਰੀ ਤੇ ਪੁਸ਼ਤ ਪਨਾਹੀ ਕਰਨ ਅਤੇ ਉਸ ਦੇ ਕਤਲ, ਬਲਾਤਕਾਰ ਤੇ ਹੋਰ ਸੰਗੀਨ ਜ਼ੁਰਮਾਂ ’ਤੇ ਪਰਦਾ ਪਾਉਣ ਲਈ ਜਿੰਮੇਵਾਰ ਹਨ।
ਉਹਨਾਂ ਇਹ ਵੀ ਦੋਸ਼ ਲਾਇਆ ਕਿ ਡੇਰਾ ਸਿਰਸਾ ਸਾਧ ਦੇ ਮਾਮਲੇ ਵਿੱਚ ਹਕੂਮਤਾਂ ਤੇ ਉਸ ਦੀ ਮਸ਼ੀਨਰੀ ਨੇ ਡੇਰੇ ਵਾਲਿਆਂ ਦੇ ਹੱਕ ਵਿੱਚ ਖੜ ਕੇ ਸਿੱਖਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਵਾਇਆ ਸੀ, ਜਿਸ ਵਿੱਚ ਬਾਦਲ ਕਿਆਂ ਦਾ ਤੇ ਕਾਂਗਰਸੀ ਲਾਣਾ ਵੀ ਜਿੰਮੇਵਾਰ ਹੈ।ਜਥੇਬੰਦੀ ਦੇ ਆਗੂਆਂ ਨੇ ਕੇਸ ਦੇ ਫੈਸਲੇ ’ਤੇ ਟਿੱਪਣੀ ਕਰਦਿਆ ਕਿਹਾ ਕਿ ਜਥੇਬੰਦੀ ਤੇ ਪੰਜਾਬ ਵਾਸੀ ਇਸ ਉਡੀਕ ਵਿੱਚ ਹਨ ਕਿ ਭਾਰਤੀ ਹਿੰਦੂਤਵੀ ਹਕੂਮਤ ਆਪਣੇ ਵੀ.ਆਈ.ਪੀ ਚਹੇਤੇ ਪਰ ਬਲਾਤਕਾਰੀ ਮਹਿਮਾਨ ਨੂੰ ਬਚਾਉਦੀ ਹੈ ਜਾ ਇਨਸਾਫ਼ ਵਾਲੇ ਰਾਹ ਤੁਰਦੀ ਹੈ।ਦਲ ਖ਼ਾਲਸਾ ਨੇ ਪੰਜਾਬ ਤੇ ਖਾਸ ਕਰਕੇ ਮਾਲਵਾ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਬਿਨਾ ਕਿਸੇ ਕਸੂਰ ਅਤੇ ਕਾਰਣ ਦੇ ਟਕਰਾਅ ਦਾ ਹਿੱਸਾ ਨਾ ਬਣਨ ਅਤੇ ਸਰਕਾਰੀ ਪ੍ਰਬੰਧ ਵੀ ਅਜਿਹੇ ਯਤਨਾਂ ਤੋਂ ਬਾਜ ਆਵੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media