ਮਾਲੇਰਕੋਟਲਾ, 17 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੰਜਾਬ ਭਰ ਦੇ ਸਰਕਾਰੀ ਸਕੂਲਾਂ ਅੰਦਰ ਉਰਦੂ ਵਿਸ਼ੇ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ
ਅਸਾਮੀਆਂ ਭਰਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਉਰਦੂ ਅਧਿਆਪਕ ਯੂਨੀਅਨ ਦਾ ਇੱਕ ਵਫਦ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੇ ਦਫਤਰ ‘ਚ ਮਿਲਿਆ।ਵਫਦ ਨੇ ਮੰਗ ਪੱਤਰ ‘ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਜਿਥੇ ਪੂਰਜ਼ੋਰ ਸ਼ਲਾਘਾ ਕੀਤੀ ਉਥੇ ਪੰਜਾਬ ਸਰਕਾਰ ਵੱਲੋਂ ਉਰਦੂ ਭਾਸ਼ਾ ਨੂੰ ਪ੍ਰਫੂਲਿਤ ਕਰਨ ਲਈ ਪੰਜਾਬ ਉਰਦੂ ਅਕੈਡਮੀ ਨੂੰ ਤਿੰਨ ਕਰੋੜ ਰੁਪੈ ਦੀ ਗ੍ਰਾਂਟ ਦੇਣ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਉਰਦੂ ਭਾਸ਼ਾ ਪੜ੍ਹਣ ਦੇ ਚਾਹਵਾਨ ਵਿਦਿਆਰਥੀ ਹੋਣ ਦੇ ਬਾਵਜੂਦ ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਉਰਦੂ ਅਧਿਆਪਕਾਂ ਦੀ ਭਰਤੀ ਨਾ ਕੀਤੇ ਜਾਣ ‘ਤੇ ਰੋਸ ਵੀ ਪ੍ਰਗਟ ਕੀਤਾ।
ਵਫਦ ਦੀ ਅਗਵਾਈ ਕਰ ਰਹੇ ਉਰਦੂ ਅਧਿਆਪਕ ਮਾਸਟਰ ਮੁਹੰਮਦ ਅਸ਼ਰਫ, ਮੁਹੰਮਦ ਆਸ਼ਿਫ, ਅਬਦੁੱਲ ਵਹੀਦ, ਮੁਹੰਮਦ ਸ਼ਮਸਾਦ, ਵਸੀਮ ਅਖੱਤਰ ਆਦਿ ਨੇ ਦੱਸਿਆ ਕਿ ਆਰ.ਟੀ.ਆਈ ਐਕਟ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲਿਆ ‘ਚ ਸਥਿਤ ਸਰਕਾਰੀ ਸਕੂਲਾਂ ਅੰਦਰ ਉਰਦੂ ਪੜ੍ਹਣ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਕਰੀਬ 40 ਹਜ਼ਾਰ ਤੋਂ ਵੀ ਵੱਧ ਹੈ, ਪਰੰਤੂ ਸਰਕਾਰੀ ਸਕੂਲਾਂ ‘ਚ ਉਰਦੂ ਅਧਿਆਪਕ ਨਾ ਹੋਣ ਕਾਰਨ ਬੱਚੇ ਹੋਰ ਵਿਸ਼ੇ ਪੜ੍ਹਣ ਲਈ ਮਜ਼ਬੂਰ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 2011 ‘ਚ ਸਰਕਾਰ ਵੱਲੋਂ ਅਧਿਆਪਕਾਂ ਦੀਆਂ 3442 ਅਸਾਮੀਆਂ ਦੀ ਭਰਤੀ ਲਈ ਦਿੱਤੇ ਇਸ਼ਤਿਹਾਰ ‘ਚ 23 ਅਸਾਮੀਆਂ ਉਰਦੂ ਵਿਸ਼ੇ ਦੀਆਂ ਸਨ ਪਰੰਤੂ ਉਨ੍ਹਾਂ ਵਿਚੋਂ ਸਿਰਫ 2 ਅਸਾਮੀਆਂ ਹੀ ਭਰੀਆਂ ਗਈਆਂ ਸਨ ਜਦ ਕਿ 21 ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਉਰਦੂ ਪੜ੍ਹਣ ਦੇ ਚਾਹਵਾਨ ਬੱਚਿਆਂ ਦੀ ਗਿਣਤੀ ‘ਚ ਹੋਰ ਵਾਧਾ ਹੋ ਗਿਆ ਹੈ। 2011 ਤੋਂ ਹੁਣ ਤੱਕ ਸਿੱਖਿਆ ਵਿਭਾਗ ਕਿੰਨੀ ਵਾਰ ਅਧਿਆਪਕਾਂ ਦੀ ਭਰਤੀ ਕਰ ਚੁੱਕਾ ਹੈ ਪਰੰਤੂ ਉਰਦੂ ਵਿਸ਼ੇ ਨੂੰ ਹਰ ਵਾਰ ਅਣਗੋਲਿਆ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਜੰਮ-ਪਲ ਉਰਦੂ ਭਾਸ਼ਾ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਕਾਰਨ ਉਰਦੂ ਦੇ ਚਾਹਵਾਨਾਂ ਨੂੰ ਆਪਣੇ ਨਾਲ ਸ਼ਰੇਆਮ ਵਿਤਕਰਾ ਹੁੰਦਾ ਮਹਿਸੂਸ ਹੋ ਰਿਹਾ ਹੈ।ਵਫਦ ਨੇ ਸਰਕਾਰੀ ਸਕੂਲਾਂ ਅੰਦਰ ਉਰਦੂ ਅਧਿਆਪਕਾਂ ਦੀ ਤੁਰੰਤ ਭਰਤੀ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਬੇਰੁਜ਼ਗਾਰ ਉਰਦੂ ਅਧਿਆਪਕਾਂ ਅਤੇ ਉਰਦੂ ਪੜ੍ਹਣ ਦੇ ਚਾਹਵਾਨ ਬੱਚਿਆਂ ਦੇ ਭਵਿੱਖ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਇਸ ਗੰਭੀਰ ਮਸਲੇ ਵੱਲ ਤੁਰੰਤ ਧਿਆਨ ਦੇ ਕੇ ਸੂਬੇ ਦੇ ਸਰਕਾਰੀ ਸਕੂਲਾਂ ‘ਚ ਉਰਦੂ ਅਧਿਆਪਕਾਂ ਦੀ ਲੋੜ੍ਹ ਅਨੁਸਾਰ ਨਿਯੁੱਕਤੀਆਂ ਕਰਨ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਉਰਦੂ ਭਾਸ਼ਾ ਦੀ ਤਰੱਕੀ ਨੂੰ ਹੂੰਗਾਰਾ ਮਿਲ ਸਕੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਜਲਦੀ ਹੀ ਉਚਿਤ ਕਦਮ ਉਠਾਏਗੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media