Monday, July 6, 2026

ਨੋਟਬੰਦੀ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੀ ਲਾਭ ਪਹੁੰਚਿਆ – ਜਾਖੜ

ਭੋਆ (ਪਠਾਨਕੋਟ), 26 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਦੇ PPN2609201708ਉਮੀਦਵਾਰ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚੁਣੌਤੀ ਦਿੰਦੇ ਹੋਏੇ ਇਹ ਸੂਚਨਾ ਸਾਹਮਣੇ ਲਿਆਉਣ ਲਈ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਅਸਲ ਵਿੱਚ ਕਿਸ ਨੂੰ ਫਾਇਦਾ ਹੋਇਆ ਹੈ।
ਭੋਆ ਖੇਤਰ ਵਿੱਚ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਨੋਟਬੰਦੀ ਦੇ ਪ੍ਰਭਾਵ ਬਾਰੇ ਸਪਸ਼ਟੀਕਰਨ ਜੇਤਲੀ ਤੋਂ ਮੰਗਿਆ ਹੈ ਜੋ ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਚੋਣ ਮੁਹਿੰਮ ਆਰੰਭਣ ਜਾ ਰਹੇ ਹਨ।ਜਾਖੜ ਨੇ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਤਲੀ ਨੂੰ ਇੱਥੇ ਆਉਣ ਦਿਉ ਅਤੇ ਲੋਕਾਂ ਨੂੰ ਇਹ ਦੱਸਣ ਦਿਉ ਕਿ ਅੰਬਾਨੀਆਂ ਤੇ ਅਡਾਨੀਆਂ ਤੋਂ ਇਲਾਵਾ ਨੋਟਬੰਦੀ ਦਾ ਲਾਭ ਕਿਸ-ਕਿਸ ਨੂੰ ਪਹੁੰਚਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਨੋਟਬੰਦੀ ਦੇ ਸਬੰਧ ਵਿੱਚ ਉਸ ਵੇਲੇ ਦਿੱਤੀ ਚੇਤਾਵਨੀ ਨੂੰ ਵੀ ਯਾਦ ਕੀਤਾ ਜਿਸ ਵਿੱਚ ਉਨਾਂ ਕਿਹਾ ਕਿ ਸੀ ਇਸ ਨਾਲ ਜੀ.ਡੀ.ਪੀ ਦੋ ਫੀਸਦੀ ਤੱਕ ਡਿੱਗ ਜਾਵੇਗਾ ਜਿਸਦਾ ਸਿੱਧਾ ਮਤਲਬ ਇਹ ਸੀ ਕਿ ਇਸ ਨਾਲ 4 ਕਰੋੜ ਨੌਕਰੀਆਂ ਖੁਸ ਜਾਣਗੀਆਂ।ਉਨਾਂ ਕਿਹਾ ਕਿ ਮੋਦੀ ਦੇ ਸ਼ਾਸਨ ਦੌਰਾਨ ਆਮ ਆਦਮੀ ਨੂੰ ਤਿੰਨ ਡੰਗ ਦੀ ਰੋਟੀ ਲਈ ਬੁਰੀ ਤਰਾਂ ਸੰਘਰਸ਼ ਕਰਨਾ ਪੈ ਰਿਹਾ ਹੈ ਜਦਕਿ ਸਿਰਫ ਕਾਰਪੋਰੇਟ ਹੀ ਇਸ ਸਾਲ ਦਿਵਾਲੀ ਬਣਾਉਣਗੇ।
ਜਾਖੜ ਨੇ ਕਿਹਾ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਡਿੱਗਣ ਦੇ ਨਾਲ ਕੇਂਦਰ ਸਰਕਾਰ ਨੇ ਤਿੰਨ ਸਾਲਾਂ ਵਿੱਚ 9 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ ਇਸ ਵਿੱਚੋਂ ਸਿਰਫ ਕਾਰਪੋਰੇਟ ਨੂੰ ਹੀ ਰਿਆਇਤਾਂ ਨਹੀਂ ਦੇਣੀਆਂ ਚਾਹੀਦੀਆਂ ਸਗੋ  ਕੇਂਦਰ ਵੱਲੋਂ ਇਕ ਲੱਖ ਕਰੋੜ ਰੁਪਏ ਪੰਜਾਬ ਨੂੰ ਦੇਣੇ ਚਾਹੀਦੇ ਹਨ।
ਉਨਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਰਿਆਇਤਾਂ ਹੋਰਾਂ ਸੂਬਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਜੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਚੱਲਦੀਆਂ ਰਹੀਆਂ ਤਾਂ ਕੋਈ ਵੀ ਉਦਯੋਗ ਇੱਥੇ ਨਹੀਂ ਆਵੇਗਾ। ਉਨਾਂ ਕਿਹਾ ਕਿ ਹੋਰਨਾਂ ਸੂਬਿਆਂ ਨੂੰ ਕੇਂਦਰ ਵੱਲੋਂ ਰਿਆਇਤਾਂ ਦਿੱਤੀਆਂ ਗਈਆਂ ਹਨ ਪਰ ਪੰਜਾਬ ਨੂੰ ਇਨਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਜਾਖੜ ਨੇ ਮੰਗ ਕੀਤੀ ਕਿ ਯੂ.ਪੀ.ਏ. ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਨਰੇਗਾ ਸਕੀਮ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਢੁੱਕਵੇਂ ਤਰੀਕੇ ਨਾਲ ਲਾਗੂ ਕੀਤੀ ਜਾਵੇ।
ਖੇਤਰ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਯਕੀਨੀ ਬਣਾਉਣ ਲਈ  ਸਿਰਤੋੜ ਯਤਨ ਕਰ ਰਹੀ ਹੈ।ਸਰਕਾਰ ਵੱਲੋਂ ਪੀਣ ਵਾਲਾ ਸੁਆਫ ਪਾਣੀ ਅਤੇ ਵਧੀਆ ਸੜਕਾਂ ਲਈ ਵੀ ਯਤਨ ਆਰੰਭੇ ਹੋਏ ਹਨ।
ਕੁਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਅਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਇਨਾਂ ਮੀਟਿੰਗਾਂ ਦੌਰਾਨ ਮੌਜੂਦ ਸਨ।ਚੌਧਰੀ ਨੇ ਆਪਣੇ ਭਾਸ਼ਨ ਦੌਰਾਨ ਮੋਦੀ ਸਰਕਾਰ ਵੱਲੋਂ ਦੇਸ਼ ਦੇ ਹਿੱਤਾਂ ਵਿਰੁੱਧ ਲਏ ਗਏ ਫੈਸਲਿਆਂ ਦੀ ਤਿੱਖੀ ਆਲੋਚਨਾ ਕੀਤੀ ਜਿਸ ਦੇ ਕਾਰਨ ਐਨ.ਡੀ.ਏ ਸ਼ਾਸਨ ਦੌਰਾਨ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ ਹੈ। ਦੀਨਾਨਗਰ ਅਤੇ ਪਠਾਨਕੋਟ ਵਿਖੇ ਅੱਤਵਾਦੀ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੂਰੀ ਤਰਾਂ ਅਸਫਲ ਰਹੀ ਹੈ ਜਦਕਿ ਮਨਮੋਹਨ ਸਿੰਘ ਸਰਕਾਰ ਨੇ ਸਰਹੱਦਾਂ ਦੀ ਰੱਖਿਆ ਦੇ ਸਬੰਧ ਵਿੱਚ ਆਹਲਾ ਕਾਰਗੁਜ਼ਾਰੀ ਕੀਤੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply