ਅਦਾਰੇ ਦੀ ਹਰੇਕ ਪਖੋਂ ਮਦਦ ਕੀਤੀ ਜਾਵੇਗੀ – ਡਾ: ਬੀ.ਐਸ ਘੁੰਮਣ
ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਨੇ ਬਹੁਤ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਆਉਣ ਵਾਲੇ ਸਮੇਂ
ਵਿਚ ਇਹ ਵਿਕਾਸ ਦੀਆਂ ਲੰਮੀਆਂ ਪੁਲਾਂਘਾ ਪੱਟਦਾ ਹੋਇਆ ਨਵੇਂ ਮੀਲ-ਪੱਥਰ ਸਥਾਪਤ ਕਰੇਗਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸ ਅਦਾਰੇ ਲਈ ਹਰੇਕ ਪਖੋਂ ਮਦਦ ਕੀਤੀ ਜਾਵੇਗੀ।`ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ: ਬੀ.ਐਸ ਘੁੰਮਣ ਨੇ ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਦੇ ਅਚਨਚੇਤ ਦੌਰੇ ਦੌਰਾਨ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਵਿੱਤੀ ਸਰੋਤਾਂ ਦੀ ਮਜਬੂਤੀ ਲਈ ਕਈ ਅਹਿਮ ਕਦਮ ਉਠਾਏ ਜਾ ਰਹੇ ਹਨ ਅਤੇ ਯੂਨੀਵਰਸਿਟੀ ਨਾਲ ਸਬੰਧਿਤ ਅਦਾਰਿਆਂ ਦੇ ਬਹੁਪੱਖੀ ਵਿਕਾਸ ਲਈ ਵਿਸ਼ੇਸ਼ ਬੰਦੋਬਸਤ ਕੀਤੇ ਜਾ ਰਹੇ ਹਨ।ਯੂਨੀਵਰਸਿਟੀ ਅਤੇ ਕਾਲਜਾਂ ਦਰਮਿਆਨ ਤਾਲਮੇਲ ਬੁਲੰਦ ਕਰਨ ਲਈ ਹਰੇਕ ਕਾਲਜ ਨਾਲ ਇਕ ਪ੍ਰੋਫੈਸਰ ਨੂੰ ਅਟੈਚ ਕੀਤਾ ਜਾ ਰਿਹਾ ਹੈ, ਜੋ ਕਿ ਇਕ ਤਾਲਮੇਲ ਅਧਿਕਾਰੀ ਵੱਜੋਂ ਕਾਰਜਸ਼ੀਲ ਰਹੇਗਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਵਾਇਸ ਚਾਂਸਲਰ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਕਾਲਜ ਦੀਆਂ ਪ੍ਰਾਪਤੀਆਂ ‘ਤੋਂ ਜਾਣੂ ਕਰਵਾਇਆ ਅਤੇ ਆਸ ਪ੍ਰਗਟ ਕੀਤੀ ਕਿ ਉਹਨਾਂ ਦੀ ਗਤੀਸ਼ੀਲ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਨੂੰ ਸਰ ਕਰਨਗੇ।ਇਸ ਮੌਕੇ ਡੀਨ ਅਕਾਦਮਿਕ ਡਾ: ਇੰਦਰਜੀਤ ਸਿੰਘ, ਵਿੱਤ ਅਫਸਰ ਬਲਜੀਤ ਸਿੰਘ ਸਿੱਧੂ, ਹਲਕਾ ਵਿਧਾਇਕ ਦੇ ਨੁਮਾਇੰਦੇ ਵਜੋਂ ਇੰਦਰਜੀਤ ਸਿੰਘ ਮਰਾਹੜ, ਸੁਖਪ੍ਰੀਤ ਸਿੰਘ ਅਤੇ ਪਿੰਡ ਬੇਨੜ੍ਹਾ ਦੀ ਸਮੂਹ ਪੰਚਾਇਤ ਸਮੇਤ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media