Friday, March 27, 2026

ਵਿਦਿਆਰਥੀਆਂ ਦੀ ਹੋਰਨਾਂ ਮੈਡੀਕਲ ਕਾਲਜਾਂ `ਚ ਤਬਦੀਲੀ ਲਈ ਐਮ.ਆਈ.ਸੀ ਦੀ ਪ੍ਰਵਾਨਗੀ ਛੇਤੀ – ਕੈਪਟਨ

ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਪੂਰਨ ਚਿੰਤਪੁਰਨੀ ਮੈਡੀਕਲ ਕਾਲਜ ਦੇ ਘਿਰੇ ਹੋਏ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਉਨਾਂ ਦੀ ਸਰਕਾਰ ਬੇਈਮਾਨ ਕਾਲਜ ਅਥਾਰਟੀ ਦੇ ਦੁਰ-ਪ੍ਰਬੰਧ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਭਵਿਖ ਦਾ ਨੁਕਸਾਨ ਹੋਣ ਦੀ ਆਗਿਆ ਨਹੀਂ ਦੇਵੇਗੀ ਅਤੇ ਉਨਾਂ ਵੱਲੋਂ ਵਿਦਿਆਰਥੀਆਂ ਨੂੰ ਸੂਬੇ ਦੇ ਹੋਰਨਾਂ ਕਾਲਜਾਂ ਵਿੱਚ ਤਬਦੀਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।ਇਸ ਕਾਲਜ ਦਾ ਮਾਲਕ ਸਵਰਨ ਸਲਾਰੀਆ ਹੈ ਜੋ ਗੁਰਦਾਸਪੁਰ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ।
ਸਾਬਕਾ ਫੌਜੀਆਂ ਦੀ ਰੈਲੀ ਵਿੱਚ ਹਿੱਸਾ ਲੈਣ ਆਏ ਮੁੱਖ ਮੰਤਰੀ ਅੱਜ ਵਿਦਿਆਰਥੀਆਂ ਨੂੰ ਮਿਲੇ। ਵਿਦਿਆਰਥੀਆਂ ਨੇ ਤੌਖਲਾ ਜ਼ਾਹਿਰ ਕੀਤਾ ਕਿ ਸਲਾਰੀਆ ਫੀਸ ਜਮਾ ਨਾ ਕਰਵਾਉਣ ਲਈ ਉਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਹ ਉਨਾਂ ਨੂੰ ਨੁਕਸਾਨ ਪਹੁੰਚਾਵੇਗਾ।ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਦੇ ਹੋਏ ਕਿਹਾ, ਉਸ ਦਾ ਕਾਲਜ ’ਤੇ ਹੁਣ ਕੋਈ ਕੰਟਰੋਲ ਨਹੀਂ ਹੈ ਅਤੇ ਉਹ ਤੁਹਾਨੂੰ ਹੱਥ ਵੀ ਨਹੀਂ ਲਾ ਸਕਦਾ।ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਸਲਾਰੀਆ ਅਤੇ ਉਸ ਦੇ ਲੱਠਮਾਰ ਉਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਫੀਸ ਦਾ ਭੁਗਤਾਨ ਕਰਨ ਲਈ ਧਮਕੀਆਂ ਦੇ ਰਹੇ ਹਨ ਜਦਕਿ ਉਨਾਂ ਦੀ ਕੋਈ ਵੀ ਕਲਾਸ ਨਹੀਂ ਲੱਗ ਰਹੀ।
ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਮੈਡੀਕਲ ਕੌਂਸਲ ਆਫ਼ ਇੰਡੀਆ (ਐਮ.ਸੀ.ਆਈ) ਤੋਂ ਵਿਦਿਆਰਥੀਆਂ ਨੂੰ ਸੂਬੇ ਦੇ ਹੋਰਨਾਂ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਦੀ ਆਗਿਆ ਮੰਗੀ ਹੈ ਅਤੇ ਇਹ ਪ੍ਰਵਾਨਗੀ ਛੇਤੀਂ ਹੀ ਮਿਲਣ ਦੀ ਸੰਭਾਵਨਾ ਹੈ।ਇਸ ਤੋਂ ਬਾਅਦ ਤਬਦੀਲੀ ਦੀ ਪ੍ਰਕਿਰਿਆ ਇੱਕਦਮ ਸ਼ੁਰੂ ਕਰ ਦਿੱਤੀ ਜਾਵੇਗੀ।
ਆਪਣੀ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਕੈਰੀਅਰ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਨ ਦਾ ਭਰੋਸਾ ਦਵਾਉਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਨਵੰਬਰ ਵਿੱਚ ਹੋਣ ਵਾਲੇ ਇਮਤਿਹਾਨਾਂ ਦੀ ਮਿਤੀ ਤੋਂ ਪਹਿਲਾਂ ਜੇ ਐਮ.ਆਈ.ਸੀ ਦੀ ਪ੍ਰਵਾਨਗੀ ਨਾ ਵੀ ਆਈ ਤਾਂ ਜ਼ਰੂਰਤ ਪੈਣ ’ਤੇ ਉਨਾਂ ਲਈ ਵੱਖਰਾ ਇਮਤਿਹਾਨ ਲਿਆ ਜਾਵੇਗਾ।
ਵਿਦਿਆਰਥੀਆਂ ਨੂੰ ਮਿਲਣ ਤੋਂ ਬਾਅਦ ਕੱਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਾਲਜ ਨੂੰ ਚਲਾਉਣ ਲਈ ਨਕਾਮ ਰਹਿਣ ਦੇ ਵਾਸਤੇ ਸਲਾਰੀਆ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ, `ਇਨਾਂ ਵਿਦਿਆਰਥੀਆਂ ਵੱਲ ਦੇਖੋ, ਇਨਾਂ ਦਾ ਕੀ ਕਸੂਰ ਹੈ?` ਉਨਾਂ ਕਿਹਾ ਕਿ ਸਲਾਰੀਆ ਆਪਣਾ ਕਾਲਜ ਚਲਾਉਣ ਵਿੱਚ ਅਸਫਲ ਰਿਹਾ ਹੈ ਅਤੇ ਅਨੇਕਾਂ ਵਿਦਿਆਰਥੀਆਂ ਦੇ ਭਵਿਖ ਨੂੰ ਖਤਰੇ ਵਿੱਚ ਪਾਇਆ ਹੈ।ਉਹ ਇਸ ਹਲਕੇ ਦਾ ਕੀ ਕਰ ਸਕਦਾ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply