ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਨੂੰ ਸਮਰਪਿਤ
ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 1 ਅਕਤੂਬਰ ਨੂੰ ਪੰਜਾਬ ਪੱਧਰ ’ਤੇ ਆਯੋਜਿਤ ਕੀਤੀ ਗਈ, ਜਿਸ ਵਿਚ ਪੰਜਾਬ ਅਤੇ ਚੰਡੀਗੜ ਵਿਚ ਸਥਾਪਿਤ ਕੀਤੇ ਗਏ 124 ਪ੍ਰੀਖਿਆ ਕੇਂਦਰਾਂ ਵਿਖੇ ਲਗਪਗ 5000 ਤੋਂ ਵਧ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮਿ੍ਰਤਸਰ ਇਕਾਈ ਦੇ ਜਥੇਬੰਦਕ ਆਗੂਆਂ ਸੁਮੀਤ ਸਿੰਘ ਅਤੇ ਮਾਸਟਰ ਕੁਲਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਸਥਾਨਕ ਪੱਧਰ ਤੇ ਇਹ ਪ੍ਰੀਖਿਆ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਾਈ ਗਈ, ਜਿਸ ਵਿਚ ਇਸ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪੁਤਲੀਘਰ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਤਰਕਸ਼ੀਲ ਆਗੂਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਚੇਤਨਾ ਪ੍ਰੀਖਿਆ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਧ ਵਿਸ਼ਵਾਸ਼ਾਂ ਤੇ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਉਨਾਂ ਵਿਚ ਵਿਗਿਆਨਕ ਸੋਚ ਪ੍ਰਫੁਲਿਤ ਕਰਨ ਦੇ ਇਲਾਵਾ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਨਾਂ ਦੀ ਇਨਕਲਾਬੀ ਵਿਚਾਰਧਾਰਾ ਤੋਂ ਜਾਣੂੰ ਕਰਾਉਣਾ ਹੈ ਤਾਂ ਕਿ ਉਹ ਇਕ ਵਿਗਿਆਨਕ, ਵਿਕਸਤ ਅਤੇ ਇਨਸਾਫਪਸੰਦ ਸਮਾਜਕ ਢਾਂਚੇ ਦੀ ਸਥਾਪਨਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ।ਤਰਕਸ਼ੀਲ ਸੁਸਾਇਟੀ ਵਲੋਂ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਪ੍ਰਸੰਸਾ ਪਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਤਰਕਸ਼ੀਲ ਆਗੂਆਂ ਮਾਸਟਰ ਬਲਦੇਵ ਰਾਜ ਵੇਰਕਾ, ਸੁਖਮੀਤ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਸਥਾਨਕ ਪੱਧਰ ਤੇ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਅਤੇ ਪੰਜਾਬ ਪੱਧਰ ’ਤੇ ਪਹਿਲੇ 10 ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਕਿਤਾਬਾਂ ਦਾ ਇਕ ਸੈਟ, ਪ੍ਰਸੰਸਾ ਪੱਤਰ ਅਤੇ ਇਕ ਸਾਲ ਲਈ ਤਰਕਸ਼ੀਲ ਮੈਗਜ਼ੀਨ ਮੁਫਤ ਦਿੱਤਾ ਜਾਵੇਗਾ।
ਇਸ ਮੌਕੇ ਆਤਮ ਪਬਲਿਕ ਸਕੂਲ ਦੇ ਮੁਖ ਪ੍ਰਬੰਧਕ ਅਤੇ ਉਘੇ ਸ਼ਾਇਰ ਦੇਵ ਦਰਦ, ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਲੈਕਚਰਾਰ ਨਿਰਮਲ ਸਿੰਘ ਅਤੇ ਪ੍ਰਸਿੱਧ ਗਜ਼ਲਗੋ ਐਸ. ਨਸੀਮ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਿਗਿਆਨਕ ਚੇਤਨਾ ਦੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਪੁਤਲੀਘਰ ਸਕੂਲ ਦੇ ਅਧਿਆਪਕ ਮੈਡਮ ਸਨੇਹ ਲਤਾ, ਮੈਡਮ ਪਰਮਜੀਤ ਕੌਰ, ਉਘੇ ਕਲਾਕਾਰ ਪ੍ਰਤੀਕ ਸਹਿਦੇਵ, ਡਾ. ਕਸ਼ਮੀਰ ਸਿੰਘ ਨੇ ਪੂਰਨ ਸਹਿਯੋਗ ਦਿੱਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media