ਔਰਤਾਂ ਦੇ ਪੜਨ ਲਿਖਣ ਨਾਲ ਹੀ ਰੁਕ ਸਕਦੀ ਹੈ ਭਰੂਣ ਹੱਤਿਆ-ਵਿਨੈ ਕਪੂਰ ਮਹਿਰਾ
ਅੰਮਿ੍ਤਸਰ, 10 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਰਤਸਰ ਜਿਲੇ ਵਿਚ 9 ਅਕਤੂਬਰ ਤੋਂ 14 ਅਕਤੂਬਰ ਤੱਕ ਚੱਲਣ ਵਾਲੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਵਿਖੇ ਇਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਸਮਾਗਮ ਰਸਮੀ ਜਾਂ ਸਰਕਾਰੀ ਨਹੀਂ ਬਲਕਿ ਜ਼ਰੂਰੀ ਸਮਾਗਮ ਹੈ।ਇਸ ਮੁਹਿੰਮ ਦਾ ਮੰਤਵ ਲੜਕੀਆਂ ਨੂੰ ਸਿੱਖਿਆ ਤੇ ਹੋਰ ਖੇਤਰਾਂ ਵਿਚ ਅੱਗੇ ਵਧਣ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਕੇ ਉਨਾਂ ਦਾ ਸ਼ਸ਼ਕਤੀਕਰਨ ਹੈ।
ਉਨਾਂ ਅੱਗੇ ਦੱਸਿਆ ਕਿ ਔਰਤਾਂ ਹੀ ਸਮਾਜ ਨੂੰ ਠੀਕ ਰਾਹ ਤੇ ਪਾ ਸਕਦੀਆਂ ਹਨ ਅਤੇ ਭਰੂਣ ਹੱਤਿਆ ਵਰਗੀ ਬਿਮਾਰੀ ਨੂੰ ਰੋਕ ਸਕਦੀਆਂ ਹਨ।ਔਰਤ ਹੀ ਔਰਤ ਦਾ ਸਾਥ ਦੇਵੇ ਤਾਂ ਇਸ ਵਿੱਚ ਸੁਧਾਰ ਹੋ ਸਕਦਾ ਹੈ। ਕੰਮਕਾਜੀ ਮਹਿਲਾ ਨਾਲੋਂ ਮਿਹਨਤੀ ਕੋਈ ਨਹੀਂ ਹੋ ਸਕਦਾ ਕਿਉਂਕਿ ਉਹ ਘਰ ਅਤੇ ਬਾਹਰ ਦੋਹਾਂ ਥਾਵਾਂ ਦਾ ਕੰਮ ਬਾਖੁੂਬੀ ਨਿਭਾ ਸਕਦੀ ਹੈ।ਉਨਾਂ ਦੱਸਿਆ ਕਿ ਅੱਜ ਸਾਡੀਆਂ ਬੱਚੀਆਂ ਸਮਾਜ ਵਿੱਚ ਸੁਰੱਖਿਅਤ ਨਹੀਂ ਹਨ, ਘਰੋਂ ਪਾਠ ਪੂਜਾ ਕਰਕੇ ਨਿਕਲਿਆਂ ਬੰਦਾ ਆਪਣੀ ਮਾਂ, ਭੈਣ ਅਤੇ ਦਾਦੀ ਦੇ ਪੈਰੀ ਹੱਥ ਲਗਾ ਕੇ ਨਿਕਲਦਾ ਹੈ ਪਰ ਘਰੋਂ ਬਾਹਰ ਜਾਂਦਿਆਂ ਹੀ ਰਾਹ ਜਾਂਦੀਆਂ ਕੁੜੀਆਂ ਨੂੰ ਮਾੜੀ ਨਿਗਾਹ ਨਾਲ ਦੇਖਦਾ ਹੈ। ਇਥੇ ਇਹ ਸਭ ਕੁਝ ਠੀਕ ਨਹੀਂ ਇਸ ਨੂੰ ਔਰਤਾਂ ਹੀ ਠੀਕ ਕਰ ਸਕਦੀਆਂ ਹਨ।ਸਾਨੂੰ ਚੰਗੇ ਕੰਮ ਕਰਨ ਵਾਲੇ ਨੂੰ ਥਾਪੜਾ ਦੇਣਾ ਅਤੇ ਮਾੜੇ ਦੀ ਨਿੰਦਿਆਂ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਸਮਾਜ ਵਿੱਚ ਸੁਧਾਰ ਹੋ ਸਕਦਾ ਹੈ।ਉਨਾਂ ਕਿਹਾ ਕਿ ਔਰਤ ਨੂੰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਿਆ ਦੇਣੀ ਚਾਹੀਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਰੋ।
ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਰ.ਟੀ.ਆਈ ਕਮਿਸ਼ਨਰ ਡਾ. ਵਿਨੈ ਕਪੂਰ ਮਹਿਰਾ ਨੇ ਕਿਹਾ ਕਿ ਭਰੂਣ ਹੱਤਿਆਂ ਤਾਂ ਹੀ ਰੁਕ ਸਕਦੀ ਹੈ ਜੇਕਰ ਸਾਰੀ ਔਰਤ ਜਾਤ ਵਿੱਚ ਵਿਸ਼ਵਾਸ਼ ਆ ਜਾਵੇ ਜਦੋਂ ਤੱਕ ਔਰਤ ਪੜਦੀ, ਆਤਮ ਨਿਰਭਰ ਨਹੀਂ ਬਣਦੀ ਤਦ ਤੱਕ ਉਹ ਮਜਬੂਰ ਬਣੀ ਰਹੇਗੀ।ਸਰਕਾਰ ਵੱਲੋਂ ਤਾਂ ਇਸ ਸਬੰਧੀ ਬਹੁਤ ਕਾਨੂੰਨ ਬਣਾਏ ਗਏ ਹਨ, ਪਰ ਅਮਲ ਵਿੱਚ ਦੇਰੀ ਹੋ ਜਾਂਦੀ ਹੈ।ਉਨਾਂ ਕਿਹਾ ਕਿ ਸਾਇੰਸ ਦੇ ਵਿਕਾਸ ਦੇ ਨਾਲ ਨਾਲ ਭਰੂਣ ਹੱਤਿਆਂ ਦਾ ਵੀ ਜਨਮ ਹੋਇਆ ਹੈ ਜਿਸ ਨਾਲ ਲਿੰਗ ਅਨੁਪਾਤ ਬਹੁਤ ਤੇਜੀ ਨਾਲ ਘੱਟ ਰਹੀ ਹੈ।ਉਨਾਂ ਕਿਹਾ ਕਿ ਕੁੱਖ ’ਚ ਅਣਜੰਮੀ ਧੀ ਨੂੰ ਕਤਲ ਕਰਨਾ ਬਹੁਤ ਵੱਡਾ ਪਾਪ ਹੈ ਅਤੇ ਇਸਨੂੰ ਰੋਕਣ ਲਈ ਸਮਾਜ ਨੂੰ ਸਾਂਝੇ ਤੌਰ ’ਤੇ ਯਤਨ ਕਰਨੇ ਪੈਣਗੇ।ਉਨਾਂ ਕਿਹਾ ਕਿ ਸੂਬੇ ਅਤੇ ਜ਼ਿਲੇ ’ਚ ਲੜਕੀਆਂ ਦਾ ਘੱਟਦਾ ਲਿੰਗ ਅਨੁਪਾਤ ਸਾਡੇ ਸਮਾਜ ’ਚ ਕਲੰਕ ਹੈ ਜਿਸਨੂੰ ਧੋਣ ਦੀ ਲੋੜ ਹੈ।ਉਨਾਂ ਕਿਹਾ ਕਿ ਔਰਤਾਂ ਧੀਆਂ ਦੀ ਅਵਾਜ਼ ਬਣਨ ਅਤੇ ਆਪਣੇ ਪੇਟ ’ਚ ਪਲ ਰਹੀ ਧੀ ਨੂੰ ਸੁਰੱਖਿਅਤ ਜਨਮ ਦੇਣ।
ਇਸ ਸੈਮੀਨਾਰ ਮੌਕੇ ਨਿਤਿਨ ਸਿੰਗਲਾ ਐਸ.ਡੀ.ਐਮ ਜਿਲਾ ਸਮਾਜ ਭਲਾਈ ਅਫਸਰ ਨਰਿੰਦਰ ਸਿੰਘ ਪਨੂੰ, ਸਿਵਲ ਸਰਜਨ ਅੰਮਿ੍ਰਤਸਰ ਸ੍ਰੀਮਤੀ ਨਰਿੰਦਰ ਕੌਰ, ਪਰਿਵਾਰ ਭਲਾਈ ਅਫਸਰ ਡਾ: ਸੁਖਪਾਲ ਸਿੰਘ, ਜਿਲਾ ਸਿਖਿਆ ਅਫਸਰ ਸਕੈਡਰੀ ਸ੍ਰੀਮਤੀ ਸੁਨੀਤਾ ਕਿਰਨ, ਜਿਲਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ, ਪਿ੍ਰਸੀਪਲ ਨੂਤਨ ਸ਼ਰਮਾ, ਪ੍ਰੋ: ਲਖਵਿੰਦਰ ਸਿੰਘ ਅਤੇ ਵਿਕਾਸ ਸੋਨੀ ਹਾਜ਼ਰ ਸਨ।
Punjab Post Daily Online Newspaper & Print Media