ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਅਮਲ ਕਰਦੇ ਹੋਏ ਅੱਜ ਜਿਲਾ
ਪ੍ਰਸ਼ਾਸਨ ਨੇ ‘ਬੇਟੀ ਬਚਾਓ ਬੇਟੀ ਪੜਾਓ-ਨਵੇਂ ਭਾਰਤ ਦੀਆਂ ਧੀਆਂ’ ਸਪਤਾਹ ਦੇ ਤੀਸਰੇ ਦਿਨ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ, ਸਿਵਲ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿੱਚ ਜਨਮੀਆਂ 31 ਧੀਆਂ ਦੀਆਂ ਮਾਵਾਂ ਨੂੰ ਵਧਾਈ ਕਾਰਡ, ਕੰਬਲ ਅਤੇ ਮਿਠਾਈ ਦੇ ਡੱਬੇ ਵੰਡੇ।ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਧੀਆਂ ਦੀ ਢੁਕਵੀਂ ਸਿਹਤ ਸੰਭਾਲ, ਸਰਵਪੱਖੀ ਵਿਕਾਸ, ਸਿੱਖਿਆ ਅਤੇ ਸੁਰੱਖਿਆ ਦਾ ਵਚਨ ਵੀ ਧੀਆਂ ਦੇ ਮਾਪਿਆਂ ਨੂੰ ਦਿੱਤਾ ਗਿਆ।
ਵਧਾਈ ਦੇਣ ਲਈ ਵਿਸ਼ੇਸ ਤੌਰ ’ਤੇ ਹਸਪਤਾਲ ਪੁੱਜੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਨੇ ਧੀਆਂ ਦੀ ਆਮਦ ਨੂੰ ਘਰਾਂ ਵਿੱਚ ਮਾਂ ਲਕਸ਼ਮੀ ਦੀ ਆਮਦ ਨਾਲ ਜੋੜਦਿਆਂ ਆਖਿਆ ਕਿ ਇਨਾਂ ਮਾਵਾਂ ਨੂੰ ਇਸ ਗੱਲ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਨਾਂ ਦੇ ਘਰਾਂ ਵਿੱਚ ਦੀਵਾਲੀ ਤੋਂ ਪਹਿਲਾਂ ਹੀ ‘ਲਕਸ਼ਮੀ’ ਨੇ ਪੈਰ ਪਾਇਆ ਹੈ।ਉਨਾਂ ਆਖਿਆ ਕਿ ਧੀਆਂ ਨੂੰ ਮਾਣ ਦੇਣਾ, ਮਾਂ ਲਕਸ਼ਮੀ ਨੂੰ ਜੀ ਆਇਆਂ ਆਖਣ ਦੇ ਬਰਾਬਰ ਹੈ।ਉਨਾਂ ਕਿਹਾ ਕਿ ਅਸੀਂ ਕੰਜਕ ਪੂਜਨ ਮੌਕੇ ਤਾਂ ਆਲੇ-ਦੁਆਲੇ ਤੋਂ ਧੀਆਂ ਨੂੰ ਲੱਭ ਕੇ ਲਿਆਉਂਦੇ ਹਾਂ ਅਤੇ ਉਨਾਂ ਦੇ ਪੈਰ ਧੋ ਕੇ ਪੂਜਾ ਕਰਦੇ ਹਾਂ ਪਰੰਤੂ ਜਦੋਂ ਸਾਡੇ ਆਪਣੇ ਘਰ ਧੀ ਦਾ ਜਨਮ ਹੋ ਜਾਵੇ ਤਾਂ ਸਾਡੀ ਵਿਚਾਰਧਾਰਾ ਬਿਲਕੁੱਲ ਉਲਟ ਹੋ ਜਾਂਦੀ ਹੈ।ਉਨਾਂ ਆਖਿਆ ਕਿ ਸਾਨੂੰ ਆਪਣੇ ਮਾਨਸਿਕ ਪੱਧਰ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਤਾਂ ਹੀ ਧੀਆਂ ਨੂੰ ਪੁੱਤਾਂ ਬਰਾਬਰ ਖੇਡਣ-ਮੌਲਣ ਤੇ ਸਿਖਿਆ ਹਾਸਲ ਕਰਨ ਦਾ ਅਧਿਕਾਰ ਮਿਲ ਸਕਦਾ ਹੈ।
ਜਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਨੇ ਆਖਿਆ ਕਿ ਧੀਆਂ ਪ੍ਰਮਾਤਮਾ ਵਲੋਂ ਭੇਜੀ ਵਡਮੁੱਲੀ ਦਾਤ ਹੁੰਦੀਆਂ ਹਨ ਜਿਨਾਂ ਕੱਲ ਨੂੰ ਪੜ-ਲਿਖ ਕੇ, ਉੱਚੇ ਅਹੁਦਿਆਂ ’ਤੇ ਪੁੱਜ ਕੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨਾ ਹੁੰਦਾ ਹੈ, ਇਸ ਲਈ ਧੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।ਉਨਾਂ ਨੇ ਇਸਤਰੀ ਭਲਾਈ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਧੀਆਂ ਦੀ ਰਾਖੀ ਲਈ ਯਤਨਾਂ ਅਤੇ ਯੋਜਨਾਵਾਂ ਬਾਰੇ ਦੱਸਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਕਾਲਜ ਦੇ ਸੁਪਰਡੈਂਟ ਰਾਮ ਸਰੂਪ, ਡਾ: ਸੁਜਾਤਾ ਸ਼ਰਮਾ ਗਾਇਨੀ ਵਿਭਾਗ, ਰਾਕੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ, ਅਨਿਲ ਕੁਮਾਰ ਮਦਾਨ, ਕੇ.ਜੇ ਜੋਹਨ ਸੈਕਸ਼ਨ ਅਫ਼ਸਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media