ਅਰਜ਼ੀਆਂ ਦੇਣ ਦੀ ਆਖਰੀ ਮਿਤੀ 16 ਅਕਤੂਬਰ
ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਣਯੋਗ ਹਾਈਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਹਿਤ ਦਫਤਰ ਜਿਲਾ ਮੈਜਿਸਟਰੇਟ ਅਤੇ ਦਫਤਰ ਕਮਿਸ਼ਨਰ ਪੁਲਿਸ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਜਾਰੀ ਹੋਏ ਲਾਇਸੈਂਸ ਰੱਦ ਹੋਣ ਦੀ ਸੂਰਤ ਵਿਚ ਜਿਲਾ ਅੰਮਿ੍ਰਤਸਰ ਵਿੱਚ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਵਾਸਤੇ ਮੁੜ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਹ ਅਰਜ਼ੀਆਂ 15 ਅਕਤੂਬਰ (ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ) ਅਤੇ 16 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਤੱਕ ਅਸਲਾ ਬਰਾਂਚ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਦੇ ਦਫਤਰ ਵਿਖੇ ਦਿੱਤੀਆਂ ਜਾ ਸਕਦੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਆਦੇਸ਼ ਮੁਤਾਬਿਕ ਇਹ ਲਾਇਸੈਂਸ ਜਾਰੀ ਕੀਤੇ ਜਾਣ ਹਨ ਅਤੇ ਯੋਗ ਪਾਈਆਂ ਗਈਆਂ ਅਰਜ਼ੀਆਂ ਦੇ ਡਰਾਅ ਜਿਲਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਚ 16 ਅਕਤੂਬਰ ਨੂੰ ਸ਼ਾਮ 5.00 ਵਜੇ ਡਰਾਅ ਰਾਹੀਂ ਕੱਢੇ ਜਾਣਗੇ ਅਤੇ ਇਸ ਦੇ ਤਰੁੰਤ ਬਾਅਦ ਹੀ ਦੁਕਾਨਾਂ ਦੀ ਅਲਾਟਮੈਂਟ ਵੀ ਕਰ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਪਹਿਲਾਂ ਜਾਰੀ ਕੀਤੇ ਗਏ ਆਰਜ਼ੀ ਲਾਇਸੈਂਸ ਰੱਦ ਹੋਣ ਕਾਰਨ ਹੁਣ ਕਿਸੇ ਵੀ ਸਰਕਾਰੀ ਅਦਾਰੇ ਵਲੋਂ ਕੀਤੀ ਗਈ ਦੁਕਾਨਾਂ ਦੀ ਅਲਾਟਮੈਂਟ ਵੀ ਰੱਦ ਕੀਤੀ ਜਾਂਦੀ ਹੈ ਅਤੇ ਸਬੰਧਤ ਅਲਾਟੀ ਆਪਣੀਆਂ ਅਲਾਟ ਹੋਈਆਂ ਦੁਕਾਨਾਂ ਦੀ ਆਲਟਮੈਂਟ ਰਾਸ਼ੀ ਵਾਪਸ ਲੈਣ ਲਈ ਸਬੰਧਤ ਵਿਭਾਗਾਂ ਨਾਲ ਸੰਪਰਕ ਕਰਨ।ਪਟਾਕਿਆਂ ਦੀ ਵਿਕਰੀ ਲਈ ਵਧੇਰੇ ਜਾਣਕਾਰੀ ਲਈ ਜਿਲਆ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਆਫ ਪੁਲਿਸ ਦੇ ਦਫਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media