ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ
ਵੱਲੋਂ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ “ਵਿਆਕਰਨ ਅਤੇ ਗੁਰਬਾਣੀ ਵਿਆਕਰਨ : ਸੰਕਲਪ ਭੇਦ“ ਵਿਸ਼ੇ `ਤੇ ਕਰਵਾਇਆ ਗਿਆ। ਇਹ ਭਾਸ਼ਣ ਉੱਘੇ ਭਾਸ਼ਾ ਵਿਗਿਆਨੀ ਪ੍ਰੋ. ਡਾ. ਬਲਦੇਵ ਸਿੰਘ ਚੀਮਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਦਿੱਤਾ।
ਸਮਾਗਮ ਦੀ ਪ੍ਰਧਾਨਗੀ ਨਾਮਵਰ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਸਿੱਧੂ ਨੇ ਕੀਤੀ। ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਏ ਹੋਏ ਵਿਦਵਾਨਾਂ ਦੀ ਅਕਾਦਮਿਕ ਜਾਣ-ਪਛਾਣ ਵੀ ਸਰੋਤਿਆਂ ਨਾਲ ਕਰਵਾਈ।
ਡਾ. ਚੀਮਾ ਨੇ ਵਿਆਕਰਨ ਸੰਬੰਧੀ ਖੋਜ, ਅਧਿਐਨ ਅਤੇ ਅਧਿਆਪਨ ਦੇ ਬੁਨਿਆਦੀ ਸਿਧਾਂਤਕ ਮਸਲਿਆਂ ਬਾਰੇ ਵਿਸ਼ਲੇਸ਼ਣਾਤਮਕ ਚਰਚਾ ਕੀਤੀ। ਉਹਨਾਂ ਗੁਰਬਾਣੀ ਵਿਆਕਰਨ ਸੰਬੰਧੀ ਕਿਹਾ ਕਿ ਗੁਰਬਾਣੀ ਇੱਕ ਬਹੁ-ਭਾਸ਼ਾਈ ਪਾਠ ਹੈ ਇਸ ਲਈ ਇਸ ਦੀ ਇੱਕ ਪਾਠ-ਵਿਗਿਆਨਕ ਵਿਆਕਰਨ ਨਹੀਂ ਬਣ ਸਕਦੀ, ਸਗੋਂ ਗੁਰਬਾਣੀ ਦੀ ਪ੍ਰਕਾਰ ਵਿਗਿਆਨ ਵਿਆਕਰਨ ਤਿਆਰ ਕਰਨਾ ਵਧੇਰੇ ਤਰਕਸੰਗਤ ਹੋ ਸਕਦਾ ਹੈ।
ਡਾ. ਪਰਮਜੀਤ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਵਿਆਕਰਨ ਬਹੁ-ਪਰਤੀ ਤੇ ਬਹੁ-ਪਾਸਾਰੀ ਵਿਸ਼ਾ ਹੈ। ਇਹ ਇੱਕ ਦ੍ਰਿਸ਼ਟੀ ਹੈ ਜਿਸ ਨਾਲ ਹਰੇਕ ਮਾਨਵੀ ਵਰਤਾਰੇ ਦੀ ਵਿਆਕਰਨ ਨੂੰ ਸਮਝਿਆ ਜਾ ਸਕਦਾ ਹੈ। ਅੰਤ ਵਿਚ ਡਾ. ਦਰਿਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਬਲਜੀਤ ਕੌਰ ਰਿਆੜ, ਡਾ. ਸੁਧਾ ਜਤਿੰਦਰ, ਡਾ. ਅਜੀਜ਼ ਅਬਾਸ, ਡਾ. ਦਲਬੀਰ ਸਿੰਘ, ਡਾ. ਰਾਜ ਕੁਮਾਰ ਹੰਸ, ਡਾ. ਭੁਪਿੰਦਰ ਸਿੰਘ ਮੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਭਾਗ ਦੇ ਵਿਦਿਆਰਥੀ ਅਤੇ ਖੋਜ-ਵਿਦਿਆਰਥੀ ਹਾਜਰ ਸਨ।
ਸੈਮੀਨਾਰ ਦੇ ਕੋ-ਆਰਡੀਨੇਟਰ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਵਿਆਕਰਨ ਦੇ ਖੇਤਰ ਵਿਚ ਪੰਜਾਬ ਵਿਸ਼ਵ ਦਾ ਆਦਿ ਗੁਰੂ ਹੈ ਕਿਉਂਕਿ ਦੁਨੀਆਂ ਦਾ ਪਹਿਲਾ ਵਿਆਕਰਨ `ਅਸ਼ਟਾਧਿਆਇ` ਮਹਾਨ ਵਿਆਕਰਨਕਾਰ ਪਾਣਿਨੀ ਦੁਆਰਾ ਪੰਜਾਬ ਦੀ ਧਰਤੀ `ਤੇ ਹੀ ਲਿਖਿਆ ਗਿਆ ਸੀ।
ਸਮਾਗਮ ਦੇ ਸ਼ੁਰੂ ਵਿਚ ਡਾ. ਰਮਿੰਦਰ ਕੌਰ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਇਹ ਸਮਾਗਮ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਜੀ ਦੀ ਸਰਪ੍ਰਸਤੀ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਲੀਕਿਆ ਗਿਆ ਹੈ। ਉਹਨਾਂ ਨੇ ਆਏ ਹੋਏ ਵਿਦਵਾਨਾਂ ਦੀ ਅਕਾਦਮਿਕ ਜਾਣ-ਪਛਾਣ ਵੀ ਸਰੋਤਿਆਂ ਨਾਲ ਕਰਵਾਈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media