ਪਠਾਨਕੋਟ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਜੀ.ਐਸ.ਟੀ ਹਿੱਸੇਦਾਰੀ ਦੀ ਅਦਾਇਗੀ ਵਿਚ ਦੇਰੀ ਅਤੇ ਈ.ਡੀ ਤੇ ਸੀ.ਬੀ.ਆਈ ਦੇ ਡਰਾਵਿਆਂ ਨਾਲ ਮੋਦੀ ਸਰਕਾਰ ਗੇੈਰ ਭਾਜਪਾ ਦੇ ਰਾਜ ਵਾਲੀਆਂ ਸੂਬਾ ਸਰਕਾਰਾਂ ਤੇ ਦਬਾਅ ਬਣਾ ਰਹੀ ਹੈ।
ਅੱਜ ਇਥੋਂ ਜਾਰੀ ਬਿਆਨ ਵਿੱਚ ਸੁਨੀਲ ਜਾਖੜ ਨੇ ਆਖਿਆ ਹੈ ਕਿ ਆਪਣੇ ਕੰਮਾਂ ਨਾਲ ਦੇਸ਼ ਦੇ ਲੋਕਾਂ ਵਿਚ ਆਪਣੀ ਸ਼ਾਖ਼ ਬਣਾਉਣ ਦੀ ਬਜਾਏ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਆਪਣੇ ਵਿਰੋਧੀਆਂ ਨੂੰ ਹਰ ਹੀਲੇ ਦਬਾਉਣਾ ਚਾਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਜੀ.ਐਸ.ਟੀ ਟੈਕਸ ਪ੍ਰਣਾਲੀ ਨੂੰ ਇਕ ਪਾਸੇ ਤਾਂ ਇਸ ਤਰੀਕੇ ਨਾਲ ਲਾਗੂ ਕੀਤਾ ਗਿਆ ਕਿ ਇਸ ਨੇ ਉਦਯੋਗ ਅਤੇ ਵਪਾਰ ਨੂੰ ਚੌਪਟ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਰਾਜਾਂ ਨੂੰ ਜੀ.ਐਸ.ਟੀ. ਵਿਚੋਂ ਹਿੱਸੇਦਾਰੀ ਦੇਣ ਦੀ ਪ੍ਰਕਿਰਿਆ ਵਿਚ ਲਗਾਤਾਰ ਦੇਰੀ ਕਰਕੇ ਸੂਬਿਆਂ ਦੀ ਅਰਥਵਿਵਸਥਾ ਨੂੰ ਢਾਹ ਲਗਾਈ ਜਾ ਰਹੀ ਹੈ, ਜੋ ਕਿ ਦੇਸ਼ ਦੇ ਸੰਘੀ ਢਾਂਚੇ ਲਈ ਵੀ ਨੁਕਸਾਨਦਾਇਕ ਹੈ।ਉਨ੍ਹਾਂ ਆਖਿਆ ਕਿ ਜੀ.ਐਸ.ਟੀ ਕਾਰਨ ਉਦਯੋਗ ਅਤੇ ਵਪਾਰ ਬੂਰੀ ਤਰਾਂ ਤਬਾਹ ਹੋ ਰਿਹਾ ਹੈ ਅਤੇ ਵਪਾਰੀਆਂ ਲਈ ਇਹ ਗੱਬਰ ਸਿੰਘ ਟੈਕਸ ਸਾਬਤ ਹੋ ਰਿਹਾ ਹੈ ਦੂਜੇ ਪਾਸੇ ਪੰਜਾਬ ਵਰਗੇ ਸੂਬਿਆਂ ਨੂੰ ਟੈਕਸ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਰਾਜ ਦੇ 3500 ਕਰੋੜ ਰੁਪਏ ਕੇਂਦਰ ਸਰਕਾਰ ਨੇ ਨਜਾਇਜ਼ ਤੌਰ ਤੇ ਰੋਕ ਰੱਖੇ ਹਨ ਜਿਸ ਦਾ ਬੁਰਾ ਅਸਰ ਸੂਬਾ ਸਰਕਾਰ ਦੀਆਂ ਸਮਾਜ ਭਲਾਈ ਸਕੀਮਾਂ ਤੇ ਪੈ ਰਿਹਾ ਹੈ।ਅਸਿੱਧੇ ਤੌਰ `ਤੇ ਮੋਦੀ ਸਰਕਾਰ ਦਾ ਟੈਕਸਾਂ ਵਿਚ ਹਿੱਸੇਦਾਰੀ ਦੇਣ ਵਿਚ ਕੀਤੀ ਜਾ ਰਹੀ ਦੇਰੀ ਸੂਬੇ ਦੇ ਗਰੀਬ ਅਤੇ ਕਮਜੋਰ ਵਰਗਾਂ ਦੀਆਂ ਸਕੀਮਾਂ ਨੂੰ ਲਾਗੂ ਕਰਨ ਵਿਚ ਰੁਕਾਵਟ ਬਣ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਆਰਥਿਕ ਮੁਹਾਜ਼ ਤੇ ਪੁਰੀ ਤਰਾਂ ਨਾਲ ਅਸਫਲ ਸਿੱਧ ਹੋਈ ਹੈ ਅਤੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਇਹ ਹੁਣ ਕਾਂਗਰਸ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਨੂੰ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਨ ਦੇ ਰਹੀ ਹੈ। ਇਸੇ ਤਰਾਂ ਈ.ਡੀ ਅਤੇ ਸੀ.ਬੀ.ਆਈ ਦੀ ਵੀ ਵਰਤੋਂ ਵੀ ਮੋਦੀ ਸਰਕਾਰ ਗੈਰ ਭਾਜਪਾ ਵਾਲੀਆਂ ਰਾਜ ਸਰਕਾਰਾਂ ਖਿਲਾਫ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖੁਦ ਤਾਂ ਚੰਗਾਂ ਕੰਮ ਕਰਨ ਵਿਚ ਨਾਕਾਮ ਸਿੱਧ ਹੋ ਰਹੀ ਹੈ ਪਰ ਉਹ ਹੁਣ ਆਪਣੀਆਂ ਕਮਜੋਰੀਆਂ ਨੂੰ ਲੁਕਾਉਣ ਲਈ ਵਿਰੋਧੀ ਪਾਰਟੀਆਂ ਨੂੰ ਵੀ ਚੰਗਾ ਸਾਸ਼ਨ ਦੇਣ ਤੋਂ ਰੋਕਣ ਲਈ ਰੁਕਾਵਟਾਂ ਖੜੀ ਕਰ ਰਹੀ ਹੈ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਤਲੀ ਹਾਲਤ ਦੇ ਕਾਰਨ ਹੀ ਮੋਦੀ ਸਰਕਾਰ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਨਹੀਂ ਬੁਲਾ ਰਹੀ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਸੰਸਦ ਵਿਚ ਵਿਰੋਧੀ ਧਿਰ ਉਸ ਦੀਆਂ ਨਾਕਾਮੀਆਂ ਦੇ ਭੇਦ ਖੋਲੇਗੀ, ਜਿਸ ਦਾ ਉਸ ਨੂੰ ਗੁਜਰਾਤ ਚੋਣਾਂ ਵਿਚ ਨੁਕਸਾਨ ਦਾ ਡਰ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media