ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ‘ਐਮੀ ਵਿਰਕ‘ ਇੱਕ ਅਜਿਹਾ ਨਾਮ ਜਿਸ ਨੇ ਸਫਲਤਾ ਨੂੰ ਆਪਣੇ ਅੰਦਾਜ਼ ਵਿਚ ਇੱਕ ਨਵੀਂ ਪਰਿਭਾਸ਼ਾ
ਦਿੱਤੀ ਹੈ। ਇਕ ਸੋਲੋ ਗੀਤ ਨਾਲ ਆਪਣੇ ਸਫਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਆਪਣੀ ਪਹਿਲੀ ਹੀ ਫਿਲਮ ਨਾਲ ਅਦਾਕਾਰੀ ਦੇ ਨਵੇਂ ਮਿਆਰ ਰਚਣ ਵਾਲੇ ਇਸ ਨੌਜਵਾਨ ਸੁਪਰ ਸਟਾਰ ਨੇ ਕਾਫੀ ਲੰਬਾ ਸਫ਼ਰ ਤੈਅ ਕਰ ਲਿਆ ਹੈ। ‘ਨਿੱਕਾ ਜ਼ੈਲਦਾਰ‘, ‘ਬੰਬੂਕਾਟ‘, ‘ਅੰਗਰੇਜ਼‘, ‘ਅਰਦਾਸ‘, ਜਿਹੀਆਂ ਫ਼ਿਲਮਾਂ ਨਾਲ ਆਪਣੀ ਸਫਲਤਾ ਨੂੰ ਬਰਕਰਾਰ ਰੱਖਣ ਤੋਂ ਬਾਅਦ ‘ਐਮੀ ਵਿਰਕ‘ ਹੁਣ ਆਪਣੀ ਝੋਲੀ ਵਿਚ ਇਕ ਹੋਰ ਸਫਲ ਫਿਲਮ ਪਾਉਣ ਨੂੰ ਤਿਆਰ ਹਨ ਜਿਸ ਦਾ ਨਾਮ ਹੈ ‘ਸਤਿ ਸ਼੍ਰੀ ਅਕਾਲ ਇੰਗਲੈਂਡ‘ ਜਿਸ ਵਿਚ ਉਹਨਾਂ ਨਾਲ ਪੋਲੀਵੁਡ ਦੀ ਖੂਬਸੂਰਤ ਅਦਾਕਾਰਾ ‘ਮੋਨਿਕਾ ਗਿੱਲ‘ ਹਨ।
ਇਹ ਪੂਰੀ ਫਿਲਮ ਇਕ ਇਨਸਾਨ ਦੇ ਬਾਰੇ ਹੈ ਜੋ ਇੰਗਲੈਂਡ ਜਾਣਾ ਚਾਹੁੰਦਾ ਹੈ ਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਸਭ ਦਰਸ਼ਾਉਂਦੀ ਹੈ ‘ਸਤਿ ਸ਼੍ਰੀ ਅਕਾਲ ਇੰਗਲੈਂਡ‘। ‘ਐਮੀ ਵਿਰਕ‘ ਅਤੇ ‘ਮੋਨਿਕਾ ਗਿੱਲ‘ ਤੋਂ ਬਿਨਾਂ ‘ਸਰਦਾਰ ਸੋਹੀ‘ ਅਤੇ ‘ਕਰਮਜੀਤ ਅਨਮੋਲ‘ ਵੀ ਇਸ ਫਿਲਮ ਵਿੱਚ ਆਪਣੇ ਹੁਨਰ ਦੇ ਜੌਹਰ ਦਿਖਾਉਣਗੇ। ਇਹ ਫਿਲਮ ਦੀ ਡਾਇਰੈਕਸ਼ਨ, ਸਕ੍ਰੀਨਪਲੇ, ਕਹਾਣੀ ਸਭ ‘ਵਿਕਰਮ ਪ੍ਰਧਾਨ‘ ਵਲੋਂ ਕੀਤਾ ਗਿਆ ਹੈ।ਇਸ ਫਿਲਮ ਦਾ ਨਿਰਦੇਸ਼ਨ ‘ਅਜਿਸ ਓਫ ਕੁਔਸਮੀਡਿਆ ਐਨਟਰਟੇਂਨਮੈਂਟ`, ‘ਸਿਜ਼ਜਲਿੰਗ ਪ੍ਰੋਡਕਸ਼ਨਸ‘ ਅਤੇ ‘ਮਾਹੀ ਪ੍ਰੋਡਕਸ਼ਨਸ‘ ਅਤੇ ਐਗਜੀਕੁਟਿਵ ਪ੍ਰੋਡਿਊਸਰ ‘ਸ਼੍ਰੀ ਦੇਵੀ ਸ਼ੇਟੀ ਵਾਘ‘ ਨੇ ਮਿਲ ਕੇ ਕੀਤਾ ਹੈ। ਖੂਬਸੂਰਤ ਸੰਗੀਤ ਅਤੇ ਬੈਕਗਰਾਉਂਡ ਸਕੋਰ ਦਿੱਤਾ ਗਿਆ ਹੈ ‘ਜਤਿੰਦਰ ਸ਼ਾਹ‘ ਵਲੋਂ।ਮਿਊਜ਼ਿਕ ਨੂੰ ਰੀਲਿਜ ਕੀਤਾ ਹੈ ‘ਸਾਗਾ ਮਿਊਜ਼ਿਕ‘ ਨੇ।
ਫਿਲਮ ਦੇ ਸਾਰੇ ਗੀਤ ‘ਵਿੰਦਰ ਨੱਥੂ ਮਾਜਰਾ‘, ‘ਮਨਿੰਦਰ ਕੈਲੇ‘, ‘ਹਰਮਨ, ਅਤੇ ‘ਹੈਪੀ ਰਾਏਕੋਟੀ‘ ਨੇ ਲਿਖੇ ਹਨ ਅਤੇ ਇਹਨਾਂ ਗੀਤਾਂ ਨੂੰ ਆਪਣੀ ਆਵਾਜ਼ ਦਿਤੀ ਹੈ ‘ਕਰਮਜੀਤ ਅਨਮੋਲ‘, ‘ਐਮੀ ਵਿਰਕ‘, ‘ਨੂਰਾਂ ਸਿਸਟਰਸ‘, ‘ਗੁਰਲੇਜ਼ ਅਖਤਰ‘ ਅਤੇ ‘ਗੁਰਸ਼ਬਦ‘ ਨੇ।
‘ਐਮੀ ਵਿਰਕ‘ ਨੇ ਕਿਹਾ, “ਭਾਵੇਂ ਮੈਂ ਪਹਿਲਾਂ ਵੀ ਕਾਮੇਡੀ ਫ਼ਿਲਮਾਂ ਚ ਕੰਮ ਕੀਤਾ ਹੈ ਪਰ ‘ਸਤਿ ਸ਼੍ਰੀ ਅਕਾਲ ਇੰਗਲੈਂਡ ‘ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸਾਰੇ ਮਜ਼ਾਕ ਬਹੁਤ ਸੁਭਾਵਿਕ ਹਨ। ‘ਮੋਨਿਕਾ ਗਿਲ‘ ਨੇ ਕਿਹਾ, “ਮੈਂ ਆਪਣੇ ਹਰ ਰੋਲ ਨੂੰ ਇਕ ਚੁਣੌਤੀ ਦੀ ਤਰ੍ਹਾਂ ਹੀ ਲੈਂਦੀ ਹਾਂ।ਅਸੀਂ ਸਭ ਨੇ ਬਹੁਤ ਹੀ ਮਿਹਨਤ ਕੀਤੀ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਹ ਮਿਹਨਤ ਦੇਖਣਗੇ ਤੇ ਬਹੁਤ ਪਸੰਦ ਕਰਨਗੇ।“
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media