ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ’ਤੇ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਜਾਰੀ
ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਬਠਿੰਡਾ ਵਿੱਚ ਰੋਸ ਮਾਰਚ 9
ਦਸੰਬਰ ਨੂੰ ਕੀਤਾ ਜਾ ਰਿਹਾ ਹੈ। ਸਾਂਝੇ ਤੌਰ ’ਤੇ ਕੀਤੇ ਜਾ ਰਹੇ ਇਸ ਮਾਰਚ ਵਿੱਚ ਦਲ ਖ਼ਾਲਸਾ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਹਿੱਸਾ ਲੈਣਗੀਆਂ।ਇਸ ਸਬੰਧੀ ਵੱਖ ਵੱਖ ਥਾਵਾਂ ’ਤੇ ਸਫ਼ਲਤਾ ਪੂਰਵਕ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ।ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਮਾਂ ਬੋਲੀ ਸਤਿਕਾਰ ਐਕਸਨ ਕਮੇਟੀ ਦੇ ਬਲਜਿੰਦਰ ਸਿੰਘ ਬਾਗ਼ੀ ਕੋਟਭਾਰਾ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਸਬੰਧੀ ਇਹ ਮਾਰਚ 9 ਦਸੰਬਰ ਦਿਨ ਸ਼ਨੀਵਾਰ ਨੂੰ ਗੁਰੂਦੁਆਰਾ ਸਿੰਘ ਸਭਾ ਤੋਂ ਸਵੇਰੇ 11 ਵਜੇ ਚੱਲ ਕੇ ਮਾਲ ਰੋਡ, ਪੁਰਾਣਾ ਬੱਸ ਅੱਡਾ ਕੋਲ ਦੀ ਡਾ. ਅੰਬੇਦਕਰ ਪਾਰਕ ਕੋਲ ਖ਼ਤਮ ਹੋਵੇਗਾ। ਇਸ ਮਾਰਚ ਵਿੱਚ ਲੱਖਾ ਸਿਧਾਣਾ ਦੀ ਜਥੇਬੰਦੀ ਮਾਲਵਾ ਯੂਥ ਫੈਡਰੇਸ਼ਨ, ਚੜ੍ਹਦੀ ਕਲਾ ਪੰਥਕ ਸੇਵਾ ਲਹਿਰ, 1984 ਸਿੱਖ ਪਰਵਾਸੀ ਸੰਘਰਸ਼ ਕਮੇਟੀ, ਬਾਬਾ ਦੀਪ ਸਿੰਘ ਗੱਤਕਾ ਅਖਾੜਾ ਬਠਿੰਡਾ, ਡਾ. ਬੀ.ਆਰ ਅੰਬੇਦਕਰ ਲਾਇਬਰੇਰੀ ਕੋਟਫ਼ੱਤਾ ਆਦਿ ਸੰਸਥਾਵਾਂ ਦੇ ਵਰਕਰ ਹਿੱਸਾ ਲੈ ਰਹੇ ਹਨ। ਇਸ ਸਬੰਧੀ ਮੀਟਿੰਗਾਂ ਵਿੱਚ ਗੁਰਵਿੰਦਰ ਸਿੰਘ ਬਠਿੰਡਾ, ਬਲਜਿੰਦਰ ਸਿੰਘ ਕੋਟਭਾਰਾ, ਮਨਪ੍ਰੀਤ ਸਿੰਘ ਨਿੱਕਾ ਸਿਧਾਣਾ, ਗੁਰਦੀਪ ਸਿੰਘ ਮੁੰਡੀ ਸਿਧਾਣਾ ਨੇ ਹਿੱਸਾ ਲਿਆ।ਦਲ ਖ਼ਾਲਸਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਦੇਸ਼ ਨਿਕਾਲਾ ਦੇਣਾ, ਪੰਜਾਬ ਦੇ ਪਾਣੀਆਂ ’ਤੇ ਡਾਕੇ, ਸਜਾਵਾਂ ਭੁਗਤ ਚੁੱਕੇ ਕੈਦੀ ਜੇਲ੍ਹਾਂ ਵਿੱਚ ਬੰਦ ਹੋਣੇ, ਸਿੱਖਾਂ ਨੂੰ ਇਨਸਾਫ਼ ਨਾ ਮਿਲਣਾ, ਘੱਟ ਗਿਣਤੀਆਂ ਨਾਲ ਲਗਾਤਾਰ ਘੋਰ ਬੇਇਨਸਾਫ਼ੀ ਸਭ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਸ ਬਾਰੇ ਸ਼ਾਂਤੀ ਭਰਭੂਰ ਢੰਗ ਨਾਲ ਮਾਰਚ ਕੱਢ ਕੇ ਲੋਕਾਂ ਨੂੰ ਚੇਤੰਨ ਕੀਤਾ ਜਾਵੇਗਾ।
Punjab Post Daily Online Newspaper & Print Media