ਪੀ.ਐਚ.ਡੀ ਚੈਂਬਰ ਨੇ ਫੋਰਟਿਜ਼ ਐਸਕੋਰਟ ਦੇ ਸਹਿਯੋਗ ਨਾਲ ਕੀਤਾ ਵਾਕਥਨ ਦਾ ਆਯੋਜਨ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕੜਾਕੇ ਦੀ ਠੰਡ ਦੌਰਾਨ ਸ਼ਨਿਵਾਰ ਦੀ ਸਵੇਰ ਗੁਰੂ ਕੀ ਨਗਰੀ ਅੰਮਿ੍ਰਤਸਰ ਵਿੱਚ ਜਿਥੇ ਲੋਕ ਘਰਾਂ
ਵਿੱਚ ਬੈਠੇ ਸਨ ਉਥੇ ਹੀ ਸੈਂਕੜੇ ਸਕੂਲੀ ਅਤੇ ਕਾਲਜ ਦੇ ਵਿਦਿਆਰਥੀਆਂ ਵਾਕਥਨ ਰਾਂਹੀ ਲੋਕਾਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਕੀਤਾ।ਮੌਕਾ ਸੀ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ 12ਵੇਂ ਪਾਈਟੈਕਸ ਮੇਲੇ ਦੌਰਾਨ ਆਯੋਜਿਤ ਵਾਕਥਨ ਦਾ।
ਸ਼ਹਿਰ ਦੇ ਗਾਂਧੀ ਗਰਾਂਉਡ ਵਿੱਚ ਸਕੂਲੀ ਬੱਚੇ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੇ ਚਾਹਵਾਨ ਸਵੇਰ ਤੋਂ ਹੀ ਜੁੜਨੇ ਸ਼ੁਰੂ ਹੋ ਗਏ ਸਨ।ਇਸ ਮੌਕੇ ਤੇ ਵਾਕਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮੀਸ਼ਨਰ ਸੁਭਾਸ਼ ਚੰਦਰ ਨੇ ਕਿਹਾ ਕਿ ਅੰਗਦਾਨ ਦੇ ਪ੍ਰਤੀ ਜਾਗਰੂਕਤਾ ਸਮੇਂ ਦੀ ਮੰਗ ਹੈ।ਇਸ ਅਭਿਆਨ ਨੂੰ ਜਾਰੀ ਰੱਖਣ ਦੀ ਦਿਸ਼ਾ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ।ਉਨਾਂ ਚੈਂਬਰ ਦੇ ਇਸ ਉਪਰਾਲੇ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕੀ ਪਾਈਟੈਕਸ ਹੁਣ ਕੇਵਲ ਸਨਅਤੀ ਨੂੰ ਉਤਸ਼ਾਹਿਤ ਕਰਨ ਵਿੱਚ ਹੀ ਮੋਹਰੀ ਨਹੀਂ ਹੈ ਸਗੋਂ ਸਮਾਜ ਦੇ ਪ੍ਰਤੀ ਜਿੰਮੇਦਾਰੀ ਵੀ ਨਿਭਾਅ ਰਿਹਾ ਹੈ।
ਪੀ.ਐਚ.ਡੀ ਚੈਂਬਰ ਪੰਜਾਬ ਕਮੇਟੀ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਦੇ ਸਪਰਿੰਗ ਡੈਲ ਸੀਨੀਅਰ ਸਕੂਲ, ਸ੍ਰੀ ਗੁਰੂ ਹਰਕਿਸ਼ਨ ਸੀਨੀਅਰ ਸੈਕੰਡਰੀ ਸਕੂਲ ਤੋਂ ਇਲਾਵਾ ਆਨੰਦ ਕਾਲਜ ਆਫ ਨਰਸਿੰਗ ਅਤੇ ਐਸ.ਵੀ.ਐਮ ਕਾਲਜ ਮੁੱਦਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਤੇ ਬੋਲਦੇ ਹੋਏ ਫੋਰਟੀਜ਼ ਐਸਕੋਰਟ ਦੇ ਸੀਨੀਅਰ ਪ੍ਰਤੀਨਿੱਧ ਦਿਨੇਸ਼ ਵਸ਼ਿਸਠ, ਗੁਰਮੀਤ ਸਿੰਘ, ਅਤੁਲ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਅਤੇ ਧਾਰਮਿਕ ਵਹਿਮਾਂ ਨੂੰ ਛੱਡਦੇ ਹੋਏ ਅੰਗਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਮੌਤ ਤੋਂ ਬਾਅਦ ਇੱਕ ਵਿਅਕਤੀ ਦੇ ਅੰਗਾਂ ਰਾਹੀਂ 10 ਵਿਅਕਤੀਆਂ ਨੂੰ ਨਵਾਂ ਜੀਵਨ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੰਗਦਾਨ ਦੇ ਪ੍ਰਤੀ ਜਾਗਰੂਕਤਾ ਦੀ ਭਾਰੀ ਘਾਟ ਹੈ ਅਤੇ ਇਥੇ ਇਹ ਪ੍ਰਤੀਸ਼ਤਤਾ ਕੇਵਲ 0.1 ਪ੍ਰਤੀਸ਼ਤ ਹੈ।ਇਹ ਵਾਕਥਨ ਗਾਂਧੀ ਗਰਾਂਉਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਪਾਈਟੈਕਸ ਮੈਦਾਨ ਵਿੱਚ ਸਮਾਪਤ ਹੋਈ।ਜਿਥੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਕਮੇਟੀ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਚੈਂਬਰ ਵਲੋਂ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਚੈਂਬਰ ਦੀ ਖੇਤਰੀ ਡਾਇਰੈਕਟਰ ਮਧੂ ਪਿੱਲੇ, ਖੇਤਰੀ ਕੁਆਰਡੀਨੇਟਰ ਜੈਦੀਪ ਸਿੰਘ ਅਤੇ ਜਸਦੀਪ ਸਿੰਘ ਮੱਕੜ ਸਮੇਤ ਕਈ ਪਤਵੰਤੇ ਹਾਜਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media