ਕਿਹਾ ਅੰਮ੍ਰਿਤਸਰ ਦੀ ਟ੍ਰੈਫਿਕ ਵਿੱਚ ਕੀਤੇ ਜਾਣਗੇ ਵੱਡੇ ਸੁਧਾਰ
ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪਾਇਟੈਕਸ ਮੇਲੇ ਦੇ ਆਖਰੀ ਦਿਨ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਪੰਜਾਬ ਅੱਜ ਸ਼ਾਮਲ ਹੋਏ।ਸਿੱਧੂ ਨੇ ਕਿਹਾ ਕਿ ਇਸ ਤਰਾਂ ਦੇ ਮੇਲੇ ਜਿਥੇ ਸਨਅਤ ਨੂੰ ਉਤਸ਼ਾਹ ਦਿੰਦੇ ਹਨ ਉਥੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਂਦੇ ਹਨ।ਉਨਾਂ ਦੱਸਿਆ ਕਿ ਸਾਰੇ ਸੰਸਾਰ ਵਿੱਚ ਅੱਜ ਉਤਪਾਦਕਤਾ ਹੀ ਅਰਥ ਵਿਵਸਥਾ ਵਿੱਚ ਸੁਧਾਰ ਲਿਆ ਰਹੀ ਹੈ, ਜਿਥੇ ਪਹਿਲਾਂ ਸਾਰੇ ਦੇਸ਼ ਖੇਤੀਬਾੜੀ ਤੇ ਨਿਰਭਰ ਸਨ ਉਹ ਅੱਜ ਆਪਣੇ ਆਪਣੇ ਉਦਪਾਦਾਂ ਦੀ ਵਧੀਆ ਬਣਤਰ ਬਣਾਉਣ ਵਿੱਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਖੇਤੀ ਅਧਾਰਤ ਸਨਅਤ ਦਾ ਕੇਂਦਰ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਖੇਤੀਬਾੜੀ ਤੋਂ ਵੱਖਰੀ ਆਮਦਨ ਹੋ ਸਕੇ।ਸਿੱਧੂ ਨੇ ਕਿਹਾ ਕਿ ਅ੍ਰੰਮਤਸਰ ਤੋਂ ਲਾਹੌਰ ਦਾ ਵਪਾਰ ਖੁੱਲਣਾ ਚਾਹੀਦਾ ਹੈ ਤਾਂ ਜੋ ਅੰਮਿ੍ਰਤਸਰ ਸਨਅਤ ਦੇ ਕੇਂਦਰ ਵਜੋਂ ਉਭਰ ਕੇ ਸਾਹਮਣੇ ਆਵੇ।
ਸਿੱਧੂ ਨੇ ਕਿਹਾ ਕਿ ਜੀ:ਐਸ:ਟੀ ਨੇ ਵਪਾਰ ਵਿੱਚ ਕਾਫੀ ਮੰਦੀ ਲਿਆਂਦੀ ਹੈ ਅਤੇ ਪਾਇਟੈਕਸ ਵਰਗੇ ਮੇਲੇ ਹੀ ਵਪਾਰ ਨੂੰ ਉਤਸ਼ਾਹਤ ਕਰਦੇ ਹਨ। ਉਨਾਂ ਕਿਹਾ ਕਿ ਅੰਮਿ੍ਰਤਸਰ ਵਿੱਚ ਰੋਜਾਨਾ ਇਕ ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ ਇਸ ਲਈ ਅੰਮਿ੍ਰਤਸਰ ਦੀ ਟ੍ਰੈਫਿਕ ਵਿੱਚ ਵੱਡੇ ਸੁਧਾਰ ਲਿਆਉਣ ਦੀ ਲੋੜ ਹੈ।ਉਨਾਂ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਇਸ ਪਾਇਟੈਕਸ ਮੇਲੇ ਵਿੱਚ ਏਅਰਫੋਰਸ ਅਤੇ ਡੀ:ਆਰ:ਡੀ:ਓ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ।
ਇਸ ਮੌਕੇ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਦੱਸਿਆ ਕਿ ਪਾਇਟੈਕਸ ਵਰਗੇ ਮੇਲੇ ਲੱਗਣ ਨਾਲ ਅੰਮਿ੍ਰਤਸਰ ਵਪਾਰ ਨੂੰ ਕਾਫੀ ਹੁਲਾਰਾ ਮਿਲਦਾ ਹੈ।ਉਨਾਂ ਕਿਹਾ ਕਿ ਇਸ ਵਾਰ 35 ਐਮ:ਓ:ਯੂ ਸਾਈਨ ਹੋਏ ਹਨ ਅਤੇ 2258 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ 15000 ਤੋਂ ਵੱਧ ਰੁਜ਼ਗਾਰ ਦੇ ਮੋਕੇ ਉਪਲਬੱਧ ਹੋਣਗੇ।ਉਨਾਂ ਕਿਹਾ ਕਿ ਇਸ ਮੇਲੇ ਨੂੰ ਸਫਲਤਾਪੂਰਕ ਨੇਪਰੇ ਚਾੜਣ ਲਈ ਅਤੇ ਸਰਕਾਰ ਵੱਲੋਂ ਪੂਰਾ ਸਹਿਯੋਗ ਦਿਤਾ ਗਿਆ ਹੈ।
ਇਸ ਮੌਕੇ ਸ੍ਰੀ ਐਸ:ਐਸ ਸ੍ਰੀਵਾਸਤਵਾ ਪੁਿਲਸ ਕਮਿਸ਼ਨਰ ਅੰਮਿ੍ਰਤਸਰ ਅਤੇ ਆਰ:ਐਸ:ਸਚਦੇਵਾ, ਡਾ: ਅਸ਼ੋਕ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯੋਗਪਤੀ ਹਾਜ਼ਰ ਸਨ। ਇਸ ਮੌਕੇ ਪਾਇਟੈਕਸ ਮੇਲੇ ਦੇ ਪ੍ਰਬੰਧਕਾਂ ਵੱਲੋਂ ਨਵਜੋਤ ਸਿੰਘ ਸਿੱਧੂ, ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅਤੇ ਐਸ.ਸ੍ਰੀਵਾਸਤਵਾ ਪੁਲਿਸ ਕਮਿਸ਼ਨਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media