ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਡੀ ਵਿਰਾਸਤ ਤੇ ਪਰੰਪਰਾਵਾਂ `ਚ ਨਹੀਂ- ਆਈ.ਜੀ ਕੁੰਵਰ
ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਸੂਬੇ ਨੂੰ ਸਦੀਵੀਂ ਨਸ਼ਾ ਮੁਕਤ ਤੇ ਅਪਰਾਧ ਮੁਕੱਤ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਤੇ ਮਨੁੱਖੀ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੇ ਪੰਜਾਬ ਦੇ ਪੁਲਿਸ ਦੇ ਆਈ.ਪੀ.ਐਸ ਅਫਸਰ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਖਿਲ ਭਾਰਤੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਰਜਿ. ਵੱਲੋਂ ਰੀਅਲ ਸਿੰਘਮ ਐਵਾਰਡ ਦੇ ਕੇ ਨਵਾਜਿਆ ਗਿਆ ਹੈ।ਉਨ੍ਹਾਂ ਨੂੰ ਇਹ ਐਵਾਰਡ ਅਖਿਲ ਭਾਰਤੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਵਿਸ਼ਵ ਵਿਆਪੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਆਯੋਜਿਤ ਸਮਾਗਮਾਂ ਦੇ ਸਿਲਸਿਲੇ ਦੇ ਚੱਲਦਿਆਂ ਦਿੱਤਾ ਗਿਆ। ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਇਲਾਵਾ ਗੈਂਗਸਟਰਾਂ ਦੇ ਲਈ ਡਰ ਤੇ ਖੌਫ ਦਾ ਪ੍ਰਤੀਕ ਬਣ ਚੁੱਕੇ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਇਹ ਐਵਾਰਡ ਦੇਣ ਦੀ ਰਸਮ ਸਰਕਦਾ ਅਹੁੱਦੇਦਾਰ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ, ਰਣਬੀਰ ਸਿੰਘ, ਰਜਨੀਸ਼ ਭਾਰਦਵਾਜ, ਜੀ.ਐਸ ਸੰਧੂ, ਰਿਸ਼ੀ ਸ਼ਰਮਾ ਤੇ ਆਸ਼ੀਸ਼ ਰਾਮ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।
ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਨਿੱਘ ਮਾਨਣ ਲਈ ਇਸ ਦੇ ਮਹੱਤਵ ਤੇ ਇਸ ਦੇ ਅਰਥ ਨੂੰ ਜਾਣਨਾ ਤੇ ਸਮਝਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਇਸ ਦੀ ਰੱਖਿਆ ਕਰਨਾ ਵੀ ਸਾਡਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਬਹੁਤ ਸਾਰੇ ਦੇਸ਼ ਖੁਦ ਹੀ ਇਸ ਦੀ ਉਲੰਘਣਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਬਾਤ ਤਾਂ ਜ਼ਰੂਰ ਪੈਂਦੀ ਹੈ, ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ।ਸਾਨੂੰ ਮਨੁੱਖਤਾਂ ਦੀ ਭਲਾਈ ਲਈ ਮਨੁੱਖੀ ਅਧਿਕਾਰਾਂ ਦੀ ਨਿਯਮਾਵਲੀ ਨੂੰ ਤੋੜਨ ਤੋਂ ਸਖਤੀ ਨਾਲ ਰੋਕਣਾ ਹੋਵੇਗਾ।ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਡੀ ਵਿਰਾਸਤ ਤੇ ਪਰੰਪਰਾਵਾਂ ਵਿੱਚ ਸ਼ਾਮਲ ਨਹੀਂ ਹੈ।
ਇਸ ਮੌਕੇ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਨੇ ਅਖਿਲ ਭਾਰਤੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਮਨੁੱਖੀ ਅਧਿਕਾਰਾਂ ਦੀ ਖਾਤਿਰ ਹਰ ਕਿਸੇ ਨੂੰ ਸੰਭਵ ਸਹਾਇਤਾ ਦਿੱਤੇ ਜਾਣ ਦਾ ਵਿਸ਼ਵਾਸ਼ ਦਿਵਾਇਆ ਤੇ ਕਿਹਾ ਕਿ ਇਸ ਦੀ ਜਾਗ੍ਰਿਤੀ ਦੇ ਲਈ ਠੋਸ ਉਪਰਾਲੇ ਕੀਤੇ ਜਾਣਗੇ।
Punjab Post Daily Online Newspaper & Print Media