ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਸੰਗਤਾਂ ਦੀ ਸੇਵਾ ’ਚ ਪਲਕਾਂ ਵਿੱਛਾ ਕੇ ਤਿਆਰ ਖੜੀ ਹੈ- ਪ੍ਰਮੋਦ ਕੁਮਾਰ
ਨਵੀਂ ਦਿੱਲੀ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਬਿਹਾਰ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਪੁਰਬ ਮੌਕੇ 25 ਦਸੰਬਰ ਨੂੰ ਪਟਨਾ ਸਾਹਿਬ ਵਿਖੇ ਆਉਣ ਦਾ ਸਮੂਹ ਸਿੱਖ ਸੰਗਤ ਨੂੰ ਸੱਦਾ ਦਿੱਤਾ ਹੈ।ਬਿਹਾਰ ਦੇ ਸੈਰ ਸਪਾਟਾ ਮੰਤਰੀ ਪ੍ਰਮੋਦ ਕੁਮਾਰ ਨੇ ਇਸ ਸਬੰਧੀ ਬਿਹਾਰ ਸਰਕਾਰ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਆਉਣ ਦਾ ਸਦਾ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਭੇਟ ਕੀਤਾ।ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਅਗਵਾਈ ’ਚ 350ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਲਈ ਕੀਤੇ ਗਏ ਸੁੱਚਜੇ ਪ੍ਰਬੰਧਾਂ ਲਈ ਦਿੱਲੀ ਕਮੇਟੀ ਵੱਲੋਂ ਪ੍ਰਮੋਦ ਕੁਮਾਰ ਦਾ ਸਨਮਾਨ ਵੀ ਕੀਤਾ ਗਿਆ।
ਸਨਮਾਨ ਵੱਜੋਂ ਪ੍ਰੋਮਦ ਕੁਮਾਰ ਨੂੰ ਕਮੇਟੀ ਵੱਲੋਂ ਸ਼ਾਲ, ਸਿਰੋਪਾਉ, ਨਾਨਕਸ਼ਾਹੀ ਸਿੱਕਾ ਅਤੇ ਸਿੱਖ ਸਾਹਿਤ ਭੇਟ ਕੀਤਾ ਗਿਆ। ਪ੍ਰਮੋਦ ਕੁਮਾਰ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਸੰਗਤਾਂ ਦੀ ਸੇਵਾ ’ਚ ਪਲਕਾਂ ਵਿੱਛਾ ਕੇ ਤਿਆਰ ਖੜੀ ਹੈ।ਭਾਰਤੀ ਸਭਿਆਚਾਰ ਅਨੁਸਾਰ ‘ਅਤਿੱਥੀ ਦੇਵੋ ਭਵਾ’ ਦੇ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਬਿਹਾਰ ਸਰਕਾਰ ਨੇ 350ਵੇਂ ਪ੍ਰਕਾਸ਼ ਪੁਰਬ ਵਾਂਗ 351ਵੇਂ ਪ੍ਰਕਾਸ਼ ਪੁਰਬ ਲਈ ਖਾਸ ਪ੍ਰਬੰਧ ਕੀਤੇ ਹਨ। ਸੰਗਤਾਂ ਦੀ ਰਿਹਾਇਸ਼ ਲਈ ਬਿਹਾਰ ਸਰਕਾਰ ਵੱਲੋਂ ਟੈਂਟ ਸਿਟੀ ਬਣਾਏ ਜਾਣ ਦੀ ਜਾਣਕਾਰੀ ਦਿੰਦੇ ਹੋਏ ਪ੍ਰਮੋਦ ਕੁਮਾਰ ਨੇ ਸੰਗਤਾਂ ਦੀ ਸਹੂਲੀਅਤ ਲਈ 24 ਘੰਟੇ ਸੇਵਾ ’ਚ ਰਹਿਣ ਵਾਲੇ ਟੋਲ ਫ੍ਰੀ ਨੰਬਰਾਂ ਦਾ ਵੀ ਹਵਾਲਾ ਦਿੱਤਾ।
ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਹ ਉਚੇਚੇ ਤੌਰ ’ਤੇ ਬਿਹਾਰ ਦੇ ਮੁਖਮੰਤਰੀ ਨੀਤੀਸ਼ ਕੁਮਾਰ ਅਤੇ ਉਪ ਮੁਖਮੰਤਰੀ ਸ਼ੁਸ਼ੀਲ ਕੁਮਾਰ ਮੋਦੀ ਵੱਲੋਂ ਸਦਾ ਪੱਤਰ ਦੇਣ ਆਏ ਹਨ।ਬਿਹਾਰ ਸਰਕਾਰ ਅਤੇ ਬਿਹਾਰ ਦੇ ਨਿਵਾਸੀ ਸੰਗਤਾਂ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਬਿਹਾਰ ਸਰਕਾਰ ਵੱਲੋਂ ਜਨਤਾ ਦੇ ਸਹਿਯੋਗ ਦੇ ਨਾਲ ਲੰਗਰ, ਰਿਹਾਇਸ਼, ਆਵਾਜਾਈ ਦੇ ਉੱਤਮ ਪ੍ਰਬੰਧ ਕੀਤੇ ਗਏ ਹਨ ਇਸ ਲਈ ਸੰਗਤਾਂ ਗੁਰੂ ਦੀ ਧਰਤੀ ਨੂੰ ਸੱਜ਼ਦਾ ਕਰਕੇ ਪੁੰਨ ਖੱਟਣ ਦੀ ਭਾਗੀਦਾਰ ਬਣਨ।ਇਸ ਸਬੰਧੀ ਬਾਕੀ ਸੂਬਿਆਂ ਦੀਆਂ ਸੰਗਤਾਂ ਨੂੰ ਦਿੱਤੇ ਜਾ ਰਹੇ ਸੱਦਾ ਪੱਤਰਾਂ ਦਾ ਜਿਕਰ ਕਰਦੇ ਹੋਏ ਪ੍ਰਮੋਦ ਕੁਮਾਰ ਨੇ ਇਸ ਸਬੰਧੀ ਬਿਹਾਰ ਸਰਕਾਰ ਵੱਲੋਂ ਮੀਡੀਆ ਦੇ ਰਾਹੀਂ ਸਮਾਗਮਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਜਾਣਕਾਰੀ ਦਿੱਤੀ।
ਜੀ.ਕੇ ਨੇ ਨੀਤੀਸ਼ ਕੁਮਾਰ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਵਲੋਂ 350ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਇੰਤਜਾਮਾਂ ਨੂੰ ਸ਼ਾਨਦਾਰ ਕਰਾਰ ਦਿੱਤਾ।ਤਿਆਰੀਆਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਨੀਤੀਸ਼ ਕੁਮਾਰ ਨਾਲ ਬੀਤੇ ਵਰ੍ਹੇ ਕੀਤੀਆਂ ਗਈਆਂ ਬੈਠਕਾਂ ਦਾ ਚੇਤਾ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਬਿਹਾਰ ਸਰਕਾਰ ਦੇ ਪ੍ਰਬੰਧ ਸਾਡੀ ਉਮੀਦਾਂ ਤੋਂ ਜਿਆਦਾ ਲੋਕਪੱਖੀ ਸਨ।
3 ਵਿਸ਼ੇਸ਼ ਰੇਲ ਗੱਡੀਆ ਰਾਹੀਂ ਦਿੱਲੀ ਤੋਂ ਗਈ ਸਿੱਖ ਸੰਗਤ ਨੂੰ ਬਿਹਾਰ ਦੀ ਜਨਤਾ ਵੱਲੋਂ ਸਮਾਗਮਾਂ ਦੌਰਾਨ ਦਿੱਤੇੇ ਗਏ ਪਿਆਰ ਅਤੇ ਸ਼ਰਧਾ ਨੂੰ ਯਾਦਗਾਰੀ ਦੱਸਦੇ ਹੋਏ ਜੀ.ਕੇ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਵਰ੍ਹੇ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਦਿੱਤੇ ਗਏ ਭਾਸ਼ਣ ਨੂੰ ਵੀ ਯਾਦ ਕੀਤਾ। ਜਿਸ ’ਚ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਵਾਸਤੇ 100 ਕਰੋੜ ਰੁਪਏ ਬਜਟ ’ਚ ਰੱਖਣ ਦਾ ਹਵਾਲਾ ਦਿੱਤਾ ਸੀ। ਜੀ.ਕੇ ਨੇ ਕਿਹਾ ਕਿ ਜੇਕਰ ਅਸੀਂ ਇਤਿਹਾਸ ਨਹੀਂ ਸੰਭਾਲਿਆ ਤਾਂ ਇਤਿਹਾਸ ਦੀ ਹੋਂਦ ਹੀ ਖਤਮ ਹੋ ਜਾਵੇਗੀ।ਇਸ ਸਬੰਧੀ ਜੀ.ਕੇ ਨੇ ਦਿੱਲੀ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾ ਦੌਰਾਨ ਕਰਵਾਏ ਗਏ ਪ੍ਰੋਗਰਾਮਾ ਦਾ ਵੀ ਵੇਰਵਾ ਦਿੱਤਾ।
ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੱਖ ਸਲਾਹਕਾਰ ਕੁਲਮੋਹਨ ਸਿੰਘ ਵੱਲੋਂ ਨਿਭਾਈ ਗਈ।ਇਸ ਮੌਕੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਆਤਮਾ ਸਿੰਘ ਲੁਬਾਣਾ ਅਤੇ ਸਾਬਕਾ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ ਇਸ ਮੌਕੇ ਮੌਜੂਦ ਸਨ।
Punjab Post Daily Online Newspaper & Print Media