ਅੰਮ੍ਰਿਤਸਰ 18 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਪੰਜਾਬ ਭਰ ਦੇ ਕਾਲਜਾਂ ਤੇ ਯੁਨੀਵਰਸਿਟੀਆਂ ਤੋਂ ਇਲਾਵਾ ਫੁੱਲਾਂ ਦੀ ਕਾਸ਼ਤਕਾਰੀ ਕਰਨ ਵਾਲਿਆਂ ਵੱਲੋਂ ਉਤਸ਼ਾਹ ਦੇ ਨਾਲ ਹਿੱਸਾ ਲਿਆ ਗਿਆ।ਸਵੇਰੇ 8.00 ਵਜੇ ਤੋਂ ਹੀ ਫੁੱਲਾਂ ਦੇ ਨਾਲ ਬੌਟੈਨੀਕਲ ਗਾਰਡਨ ਭਰਨਾ ਸ਼ੁਰੂ ਹੋ ਗਿਆ।ਵੱਖ-ਵੱਖ ਫੁੱਲਾਂ ਦੀਆਂ ਕਿਸਮਾਂ ਦੀ ਖੁਸ਼ਬੋ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਹੜਾ ਖਿਲ ਉਠਿਆ।
ਉਘੇ ਕਵੀ ਅਤੇ ਸਿੱਖ ਚਿੰਤਕ ਭਾਈ ਵੀਰ ਸਿੰਘ ਨੂੰ ਸਮਰਪਿਤ ਇਸ ਫੁੱਲਾਂ ਅਤੇ ਪੌਦਿਆਂ ਦੀ ਲੱਗੀ ਪ੍ਰਦਰਸ਼ਨੀ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਆਪਣੇ ਕਰ ਕਮਲਾਂ ਨਾਲ ਕਰਨ ਦੀ ਥਾਂ ਯੁਨਵਿਰਸਿਟੀ ਦੇ ਸੀਨੀਅਰ ਮਾਲੀ ਤਰਸੇਮ ਲਾਲ ਦੇ ਹੱਥੋਂ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਦਿਨੋਂ ਦਿਨ ਲੋਕ ਪ੍ਰਕਿਰਤੀ ਨਾਲੋਂ ਟੁੱਟ ਰਹੇ ਹਨ, ਜਿਸ ਦੇ ਨਾਲ ਸਮਾਜਿਕ ਤੌਰ ‘ਤੇ ਕਈ ਵਿਗਾੜ ਪੈਦਾ ਹੋ ਰਹੇ ਹਨ।ਲੋਕਾਂ ਦੀ ਮਾਨਸਿਕਤਾ ਨੂੰ ਕੁਦਰਤ ਦੇ ਨਾਲ ਜੋੜਨ ਦੇ ਲਈ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਦੇ ਨਾਂ ਤੇ ਫੁੱਲਾਂ ਅਤੇ ਪੌਦਿਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਤੇ ਸੈਮੀਨਾਰ ਕਰਵਾਉਣ ਦਾ ਪਹਿਲਾ ਕਦਮ ਪੁੱਟਿਆ ਗਿਆ ਹੈ ਜੋ ਅਗਲੇ ਸਾਲ ਤੋਂ ਚਾਰ ਦਿਨਾਂ ਅਤੇ ਸਾਲ ਵਿਚ ਦੋ ਵਾਰ ਕਰਵਾਇਆ ਜਾਵੇਗਾ। ਮਾਰਚ 2018 ਵਿਚ ਹੋਣ ਵਾਲੀ ਪ੍ਰਦਰਸ਼ਨੀ ਅਤੇ ਸੈਮੀਨਾਰ ਵਿਚ ਉੱਘੇ ਵਿਦਵਾਨਾਂ ਅਤੇ ਫੁੱਲਾਂ ਨੂੰ ਪਿਆਰ ਕਰਨ ਵਾਲੇ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਦਿਤਾ ਜਾਵੇਗਾ।.
ਉਨ੍ਹਾਂ ਨੇ ਕਿਹਾ ਕਿ ਘਰ ਘਰ ਲੋਕ ਫੁੱਲ ਬੂਟੇ ਲਾਉਣ ਅਤੇ ਆਪਣੇ ਚੌਗਿਰਦੇ ਨੂੰ ਖੂਬਸੁਰਤ ਬਣਾਉਣ ਦੇ ਮਕਸਦ ਨਾਲ ਇਹ ਪ੍ਰਦਰਸ਼ਨੀ ਸ਼ੁਰੂ ਕੀਤੀ ਗਈ ਹੈ।ਇਨ੍ਹਾਂ ਮੁਕਾਬਲਿਆਂ ਚ ਭਾਗ ਲੈਣ ਵਾਲਿਆਂ ਦਾ ਮਾਣ ਸਨਮਾਣ ਯੂਨੀਵਰਸਿਟੀ ਵੱਲੋਂ ਕੀਤਾ ਜਾਇਆ ਕਰੇਗਾ।ਉਨ੍ਹਾ ਕਿਹਾ ਕਿ ਪਹਿਲੇ ਦਿਨ ਯੁਨੀਵਰਸਿਟੀ ਦਾ ਵਿਹੜਾ ਫੁੱਲਾਂ ਨਾਲ ਭਰ ਗਿਆ ਹੈ ਜਿਸ ਤੋਂ ਉਹ ਬਹੁਤ ਖੁਸ਼ ਹਨ।ਉਨ੍ਹਾਂ ਕਿਹਾ ਕਿ ਕੱਲ੍ਹ ਦੇ ਸੈਮੀਨਾਰ ਵਿਚ ਤਿੰਨ ਵੱਖ ਵੱਖ ਵਿਦਵਾਨਾਂ ਵੱਲੋਂ ਫੁੱਲਾਂ ਦੀਆਂ ਵੱਖ ਵੱਖ ਕਿਸਮਾਂ ਸਬੰਧੀ ਪਰਚੇ ਪੜ੍ਹਨਗੇ।
ਇਸ ਸਮੇਂ ਹੌਰਟੀਕਲਚਰ ਕੰਸਲਟੈਂਟ ਡਾ. ਜੇ.ਐਸ ਬਿਲਗਾ ਨੇ ਦਸਿਆ ਕਿ ਪਹਿਲੇ ਦਿਨ ਦੀ ਫੁੱਲਾਂ ਦੀ ਪ੍ਰਦਰਸ਼ਨੀ ਵਿਚ ਪੰਜਾਬ ਭਰ ਤੋਂ 532 ਐਂਟਰੀਆਂ ਪੁੱਜੀਆਂ ਹਨ ਜਿਨਾਂ ਨੂੰ ਫੁਲਾਂ ਦੇ ਸੁਹਪਣ, ਆਕਾਰ, ਰੰਗ ਅਤੇ ਕਿਸਮਾਂ ਅਨੁਸਾਰ 27 ਵੱਖ ਵੱਖ ਹਿਸਿਆਂ ਚ ਵੰਡ ਕੇ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਮੌਸਮੀ ਫੁੱਲ ਸਜਾਵਟੀ ਬੂਟੇ ਅਤੇ ਬੌਣੇ ਬੂਟੇ ਇਸ ਪ੍ਰਦਰਸ਼ਨੀ ਵਿਚ ਲੈ ਕੇ ਪੁਜੇ ਹਨ।ਉਨ੍ਹਾਂ ਕਿਹਾ ਕਿ 22 ਤਰ੍ਹਾਂ ਦੀਆਂ ਗੁਲਦੌਦੀਆਂ ਅਤੇ 26 ਤਰਾਂ ਦੇ ਸਜਾਵਟੀ ਬੂਟਿਆਂ ਦੀ ਖੂਬਸੂਰਤੀ ਮੋਹਿਤ ਕਰਨ ਵਾਲੀ ਹੈ। ਸਭ ਤੋਂ ਵੱਧ ਹੁੰਗਾਰਾ ਛੋਟੀਆਂ ਗੁਲਦੌਦੀਆਂ ਨੂੰ ਮਿਲਿਆ ਹੈ। ਰੰਗੋਲੀ ਵਿਚ 22 ਐਂਟਰੀਆਂ ਹੋਈਆਂ ਹਨ ਜੋ ਫੁੱਲਾਂ ਦੇ ਨਾਲ ਅਤੇ ਫੁੱਲਾਂ ਤੋਂ ਬਿਨਾਂ ਸ਼ਾਮਲ ਹਨ।ਗੁਰੂ ਨਾਨਕ ਭਵਨ ਵਿਚ 19 ਦਸੰਬਰ ਨੂੰ ਹੋਣ ਵਾਲੇ ਸੈਮੀਨਾਰ ਜਿਸ ਵਿਚ ਵੱਖ ਵੱਖ ਫੁੱਲਾਂ ਸਬੰਧੀ ਤਕਨੀਕੀ ਜਾਣਕਾਰੀ ਸਬੰਧੀ ਭਾਸ਼ਣ ਹੋਣੇ ਹਨ ਦੇ ਉਪਰੰਤ 12.30 ਵਜੇ ਜੇਤੂਆਂ ਦੇ ਨਾਮ ਐਲਾਨ ਕੀਤੇ ਜਾਣਗੇ। ਆਮ ਲੋਕਾਂ ਦੇ ਲਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤਕ ਫੁੱਲਾਂ ਦੀ ਪ੍ਰਦਰਸ਼ਨੀ ਬੌਟੈਨੀਕਲ ਗਾਰਡਨ ਵਿਚ ਖੁਲੀ ਰਹੇਗੀ। ਫੁਲਾਂ ਅਤੇ ਪੌਦਿਆਂ ਦੀ ਜਜਮੈਂਟ ਕਰਨ ਦੇ ਲਈ ਚਾਰ ਮਾਹਿਰਾਂ ਦੀ ਟੀਮ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੇ ਵਿਚ ਡਾ. ਜੀ.ਐਸ ਵਿਰਕ, ਡਾ. ਸਤਬੀਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਨਰਿੰਦਰਪਾਲ ਸਿੰਘ ਸ਼ਾਮਿਲ ਹਨ।
ੇ ਉਦਘਾਟਨੀ ਸਮਾਗਮ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ; ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ; ਕਾਲਜ ਵਿਕਾਸ ਕੌਂਸਲ ਦੇ ਡੀਨ, ਡਾ. ਟੀ.ਐਸ ਬੇਨੀਪਾਲ; ਡਾ. ਮਨਪ੍ਰੀਤ ਸਿੰਘ ਭੱਟੀ, ਹਰਮਿੰਦਰ ਸਿੰਘ ਤਿੰਨਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਦੇ ਵਿਦਿਆਰਥੀ ਤੇ ਕੁਦਰਤ ਪ੍ਰੇਮੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media