ਫਤਹਿਗੜ ਸਾਹਿਬ ਨੂੰ ਪਵਿੱਤਰ ਸਥਾਨ ਦਾ ਦਰਜ਼ਾ ਦੇਣ ਦਾ ਕਰੇ ਐਲਾਨ ਕੈਪਟਨ ਅਮਰਿੰਦਰ ਸਿੰਘ
ਬਠਿੰਡਾ, 21 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਦਲ ਖ਼ਾਲਸਾ ਨੇ ਬਠਿੰਡਾ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜੇ ਇੱਕ
ਪੱਤਰ ਰਾਹੀ ਦਸੰਬਰ ਮਹੀਨੇ ਦੇ ਇੱਕ ਹਫ਼ਤੇ ਵਿੱਚ ਸਮੁੱਚੀ ਮਨੁੱਖ਼ਤਾ ਦੀ ਭਲਾਈ ਲਈ ਸਬੰਧਤ ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ ਵਿੱਚ ਸ਼ਰਾਬ, ਮੀਟ, ਸਿਗਰਟ, ਬੀੜ, ਪਾਨ, ਮਸਾਲਾ ਤੇ ਹੋਰ ਨਸ਼ੀਲੇ ਪਦਾਰਥਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਕਿਹਾ ਹੈ।ਜਥੇਬੰਦੀ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਦੀ ਅਗਵਾਈ ਵਿੱਚ ਦਿੱਤੇ ਮੰਗ ਪੱਤਰ ਵਿੱਚ ਮੁੱਖ ਮੰਤਰੀ ਨੂੰ ਫਤਹਿਗੜ ਸਾਹਿਬ ਨੂੰ ਪਵਿੱਤਰ ਸਥਾਨ ਦਾ ਦਰਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖ ਇਤਿਹਾਸਕ ਦਿਹਾੜਿਆਂ ’ਤੇ ਸਿਆਸੀ ਕਾਨਫਰੰਸਾਂ ’ਤੇ ਪਾਬੰਦੀ ਲਾਈ ਜਾਏ।
ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਨੂੰ ਭੇਜੇ ਗਏ ਇੱਕ ਪੱਤਰ ਰਾਹੀਂ ਉਨਾਂ ਕਿਹਾ ਕਿ ਸੰਸਾਰ ਦੇ ਇਤਿਹਾਸ ਵਿੱਚ ਨਿਵੇਕਲੀ ਥਾਂ ਰੱਖਣ ਵਾਲੀ ਸਿੱਖ ਕੌਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਸਾਹਿਬਜਾਦਿਆਂ ਅਤੇ ਹੋਰ ਸਿੰਘਾਂ ਦੀਆਂ ਜ਼ੁਲਮ ਨਾਲ ਟੱਕਰ ਲੈਂਦਿਆ ਹੋਇਆ ਤੇ ਮਨੁੱਖਤਾ ਦੇ ਭਲੇ ਲਈ ਸ਼ਹੀਦੀਆਂ 20 ਦਸੰਬਰ ਤੋਂ 28 ਦਸੰਬਰ ਤੱਕ ਵੀ ਹੋਈਆਂ।ਸਿੱਖ ਇਤਿਹਾਸ ਵਿੱਚ ਅਤਿ ਅਹਿਮ ਮਹੱਤਤਾ ਰੱਖਣ ਵਾਲੇ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸਿੱਖ ਕੌਮ ਵੱਲੋਂ ਸੰਸਾਰ ਪੱਧਰ ’ਤੇ ਸ਼ਹੀਦੀ ਸਭਾਵਾਂ ਤੇ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਹਨ, ਜਿਹਨਾਂ ਵਿੱਚ ਚਮਕੌਰ ਸਾਹਿਬ ਤੇ ਫ਼ਤਹਿਗੜ ਸਾਹਿਬ ਦੀਆਂ ਸ਼ਹੀਦੀ ਸਭਾਵਾਂ ਤਾਂ ਮੁੱਖ ਹਨ। ਜਥੇਬੰਦੀ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਸਿੱਖ ਕੌਮ ਲਈ ਇਹ ਪੂਰਾ ਗਮਗੀਨ ਮਾਹੌਲ ਹੁੰਦਾ ਹੈ ਇਸ ਕਰਕੇ ਚਮਕੌਰ ਸਾਹਿਬ ਅਤੇ ਫਤਹਿਗੜ ਸਾਹਿਬ ਦੀਆਂ ਸ਼ਹੀਦੀ ਸਭਾਵਾਂ ਤੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਸਿਆਸੀ ਕਾਨਫ਼ਰੰਸਾਂ ਅਤੇ ਹੋਰ ਕਿਸੇ ਪ੍ਰਕਾਰ ਦੇ ਚਕਾਚੌਂਧ ਵਾਲੇ ਪ੍ਰੋਗਰਾਮਾਂ ’ਤੇ ਪੂਰਨ ਤੌਰ ’ਤੇ ਰੋਕ ਲਾਈ ਜਾਵੇ ਅਤੇ ਇਸ ਤੋਂ ਇਲਾਵਾ ਇਸ ਪੂਰੇ ਹਫ਼ਤੇ ਦੌਰਾਨ ਪੂਰੇ ਪੰਜਾਬ ਵਿੱਚ ਮੀਟ ਸ਼ਰਾਬ ਅਤੇ ਬੀੜੀ ਸਿਗਰਟਾਂ ਦੇ ਵੇਚਣ ’ਤੇ ਵੀ ਪੂਰੀ ਤਰਾਂ ਰੋਕ ਲਾਈ ਜਾਵੇ ।ਇਸ ਮੌਕੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਨਥਾਣਾ, ਜਿਲਾ ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਗੁਰੂ ਕੀ ਸੇਵਾ ਚਾਕਰੀ ਦਲ ਵੱਲੋਂ ਕਰਮਜੀਤ ਸਿੰਘ, ਸਿੱਖ ਯੂਥ ਆਫ਼ ਵੱਲੋਂ ਹਰਪ੍ਰੀਤ ਸਿੰਘ ਖ਼ਾਲਸਾ, ਜਗਤਾਰ ਸਿੰਘ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media