ਹਜੂਰ ਸਾਹਿਬ (ਨੰਦੇੜ) 27 ਦਸੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖ਼ਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
350ਵੇਂ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਾਲ ਦਾ ਸਮਾਪਨ ਸਮਾਗਮ 31 ਦਸੰਬਰ ਨੂੰ ਹੋਵੇਗਾ, ਜਿਸ ਵਿੱਚ ਮਹਾਰਾਸ਼ਟਰ ਦੇ ਮੱਖ ਮੰਤਰੀ ਦੇਵੇਂਦਰ ਫੜਨਵੀਸ ਆਪਣੀ ਧਰਮ ਪਤਨੀ ਸ਼੍ਰੀਮਤੀ ਅੰਮ੍ਰਿਤਾ ਫੜਨਵੀਸ ਸਮੇਤ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਣਗੇ।
ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਵਿਚ ਹੋਣ ਵਾਲੇ ਇਸ ਸਮਾਗਮ ਵਿਚ ਗੁਰਦੁਆਰਾ ਬੋਰਡ ਦੇ ਪ੍ਰਧਾਨ ਵਿਧਾਇਕ ਤਾਰਾ ਸਿੰਘ ਸਮਾਗਮ ਦੇ ਆਯੋਜਕ ਹਨ।ਸਮਾਗਮ ਵਿਚ ਗੁਰਦੁਆਰਾ ਬੋਰਡ ਦੇ ਅਹੁੱਦੇਦਾਰ, ਮੈਂਬਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹਿਣਗੇ।
ਜਿਕਰਯੋਗ ਹੈ ਕਿ ਪਿਛਲੇ ਸਾਲ ਜਦੋਂ ਦੇਸ਼ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸ਼ਤਾਬਦੀ ਸਾਲ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਰਾਜ ਸਰਕਾਰਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਉਹ ਵੀ ਸ਼ਤਾਬਦੀ ਸਮਾਗ ਮਨਾਉਣ।ਮਹਾਰਾਸ਼ਟਰ ਵਿਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਮੁੰਬਈ ਵਿਚ ਸ਼ਤਾਬਦੀ ਸਾਲ ਦਾ ਸਮਾਗਮ ਆਪਣੇ ਨਿਵਾਸ ਵਿਚ ਸ਼ੁਰੂ ਕੀਤਾ ਸੀ. ਜਿਸ ਦੀ ਸਮਾਪਤੀ ਹੁਣ ਤਖ਼ਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਹੋਣ ਜਾ ਰਹੀ ਹੈ।
ਬੋਰਡ ਦੇ ਅਧਿਕਾਰੀ ਦੇੇਵਂੇਦਰ ਪਾਲ ਸਿੰਘ ਚਾਵਲਾ ਤੋਂ ਮਿਲੀ ਜਾਣਕਾਰੀ ਅਨੁਸਾਰ 31 ਦਸੰਬਰ ਨੂੰ ਸਵੇਰੇ 11.00 ਵਜੇ ਕੀਰਤਨ ਦਰਬਾਰ ਨਾਲ ਸਮਾਗਮ ਦੀ ਸ਼ੁਰੂਆਤ ਹੋਵੇਗੀ।ਜਿਸ ਦੌਰਾਨ ਹਜੂਰੀ ਰਾਗੀ ਭਾਈ ਸੁਰਜੀਤ ਸਿੰਘ ਅਤੇ ਉਨ੍ਹਾਂ ਦਾ ਜਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰੇਗਾ।ਉਪਰੰਤ ਕਥਾਕਾਰ ਗਿਆਨੀ ਜੰਗਬੀਰ ਸਿੰਘ ਕਥਾ ਕਰਨਗੇ।ਉਨ੍ਹਾਂ ਬਾਅਦ ਸੰਤਾਂ ਅਤੇ ਮਹਾਪੁਰੁਖਾਂ ਵੱਲੋਂ ਸੰਗਤਾਂ ਨੂੰ ਸੰਬੋਧਿਤ ਕੀਤਾ ਜਾਵੇਗਾ।ਦੁਪਹਿਰ ਡੇਢ ਵਜੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਆਪਣਾ ਸੰਦੇਸ਼ ਦੇਣਗੇ।ਵਿਧਾਇਕ ਤਾਰਾ ਸਿੰਘ ਵੀ ਸੰਗਤਾਂ ਨਾਲ ਮੁਖਾਤਿਬ ਹੋਣਗੇ।ਦੁਪਹਿਰ ਬਾਅਦ 1.55 ਮਿੰਟ ਦੇ ਸਮੇਂ ਮੁੱਖ ਮੰਤਰੀ ਦੀ ਧਰਮ ਪਤਨੀ ਸ਼੍ਰੀਮਤੀ ਅੰਮ੍ਰਿਤਾ ਫੜਨਵੀਸ ਸ਼ਬਦ ਕੀਰਤਨ ਕਰਨਗੇ।2.15 `ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਧਾਈ ਸੰਦੇਸ਼ ਦੇਣਗੇ।ਸਮਾਪਨ ਦੀ ਅਰਦਾਸ ਉਪਰੰਤ ਲੰਗਰ ਪ੍ਰਸਾਦ ਵਰਤਾਇਆ ਜਾਵੇਗਾ।ਮੁੱਖ ਮੰਤਰੀ 3.00 ਵਜੇ ਵਾਪਸ ਰਵਾਨਾ ਹੋਣਗੇ।
ਗੁਰਦਵਾਰਾ ਬੋਰਡ ਵਲੋਂ ਮੁੱਖ ਮੰਤਰੀ ਅਤੇ ਦੂਜੇ ਪਤਵੰਤਿਆਂ ਦੇ ਸਤਿਕਾਰ ਵਾਸਤੇ ਪੂਰਨ ਤਿਆਰੀ ਕੀਤੀ ਗਈ ਹੈ।ਬੋਰਡ ਦੇ ਅਧਿਕਾਰੀ ਚਾਵਲਾ ਮੁਤਾਬਿਕ ਗੁਰਦੁਆਰਾ ਕੰਪਲੈਕਸ ਵਿਚ ਇੱਕ ਵੱਡਾ ਪੰਡਾਲ ਲਗਾਇਆ ਜਾ ਰਿਹਾ ਹੈ, ਜਿਥੇ ਇਹ ਸਮਾਗਮ ਹੋਵੇਗਾ।ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਤਖਤ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਗੁਰੂ ਘਰ ਦੀ ਮਰਯਾਦਾ ਦੇ ਹੇਠ ਸਿਰੋਪਾਓ ਦਿੱਤੇ ਜਾਵੇਗਾ ਅਤੇ ਬੋਰਡ ਵਲੋਂ ਸਮਾਗਮ ਵਿਚ ਸਤਿਕਾਰ ਕੀਤਾ ਜਾਵੇਗਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media