ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲਾ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵਲੋਂ ਵੱਖ ਵੱਖ ਵਿਭਾਗਾਂ ਦੇ
ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਗੁਰਪ੍ਰੀਤ ਸਿੰਘ ਗਿੱਲ ਜਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਮੁਕੇਸ਼ ਕੁਮਾਰ ਜਿਲਾ ਮਾਲ ਅਫ਼ਸਰ, ਕਾਰਜਕਾਰੀ ਇੰਜੀ: ਪੀ.ਡਬਲਯੂ.ਡੀ, ਨਰਿੰਦਰਜੀਤ ਸਿੰਘ ਪੰਨੂ ਜਿਲਾ ਸਮਾਜਿਕ ਤੇ ਸੁਰੱਖਿਆ ਅਫ਼ਸਰ, ਕਾਰਕਜਾਰੀ ਇੰਜੀ: ਵਾਟਰ ਤੇ ਸਪਲਾਈ ਤੋਂ ਇਲਾਵਾ ਬਲਾਕ ਅਤੇ ਡਿਵਲਪਮੈਂਟ ਅਫ਼ਸਰਾਂ ਨੇ ਭਾਗ ਲਿਆ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਸੜਕਾਂ ਦਾ ਕੰਮ ਤੇਜੀ ਨਾਲ ਕੀਤਾ ਜਾਵੇ ਅਤੇ ਸੜਕਾਂ ਦੇ ਬਰਮਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ।ਉਨਾਂ ਕਿਹਾ ਕਿ ਅੰਮ੍ਰਿਤਸਰ ਜਿਲਾ ਸੈਲਾਨੀਆਂ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਇਸ ਲਈ ਯਾਤਰੂਆਂ ਦੀ ਸਹੂਲਤ ਲਈ ਹਰ ਸੜਕ ਦੇ ਕਿਨਾਰੇ ਤੇ ਸਾਈਨ ਬੋਰਡ ਜ਼ਰੂਰ ਲਗਾਏ ਜਾਣ।ਉਨਾਂ ਇਹ ਕਿਹਾ ਕਿ ਇਹ ਸਾਇਨ ਬੋਰਡ ਪੰਜਾਬੀ, ਹਿੰਦੀ ਅਤੇ ਅੰਗਰੇਜੀ ਤਿੰਨੋ ਭਾਸ਼ਾਵਾਂ ਵਿੱਚ ਹੋਣੇ ਚਾਹੀਦੇ ਹਨ।ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੀ:ਟੀ:ਰੋਡ ਤੇ ਅੰਮ੍ਰਿਤਸਰ ਦੀਆਂ ਪ੍ਰਮੁੱਖ ਥਾਵਾਂ ਜਿਵੇਂ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ, ਜਲਿਆਂਵਾਲਾ ਬਾਗ, ਕੰਪਨੀ ਬਾਗ, ਵਾਰ ਮੈਮੋਰੀਅਲ, ਕਿਲਾ ਗੋਬਿੰਦਗੜ, ਵਾਹਗਾ ਬਾਰਡਰ ਅਤੇ ਪੈਨੋਰਮਾ ਦੇ ਸਾਈਨ ਸਾਈਨ ਬੋਰਡ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਬਾਹਰੋਂ ਆਏ ਯਾਤਰੂਆਂ ਨੂੰ ਇਨਾਂ ਥਾਵਾਂ ਦਾ ਪਤਾ ਚੱਲ ਸਕੇ।ਸੰਘਾ ਨੇ ਦੱਸਿਆ ਕਿ ਸਾਈਨ ਬੋਰਡਾਂ ਦੇ ਲੱਗਣ ਨਾਲ ਬਾਹਰੋਂ ਆਏ ਯਾਤਰੂਆਂ ਨੂੰ ਆਪਣੀ ਮੰਜ਼ਿਲ ਦਾ ਪਤਾ ਲੱਗ ਜਾਂਦਾ ਹੈ।ਜਿਸ ਨਾਲ ਟਰੈਫਿਕ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ।ਉਨਾਂ ਇਹ ਵੀ ਕਿਹਾ ਕਿ ਗਲਤ ਥਾਵਾਂ ਤੇ ਲੱਗੇ ਹੋਰਡਿੰਗਜ਼ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ ਇਸ ਲਈ ਇਨਾਂ ਹੋਰਡਿੰਗਾਂ/ਬੈਨਰਾਂ ਨੂੰ ਤੁਰੰਤ ਹਟਾਇਆ ਜਾਵੇ।
ਸੰਘਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਐਲੀਵੇਟਿਡ ਰੋਡ ਦੇ ਹੇਠਾਂ ਬਣੀਆਂ ਬੁਰਜੀਆਂ `ਤੇ ਸਲੋਗਨ ਲਿਖੇ ਹੋਣੇ ਚਾਹੀਦੇ ਹਨ।ਜਿੰਨਾਂ ਸਲੋਗਨਾਂ ਵਿੱਚ ਪਾਣੀ ਬਚਾਓ, ਵਾਤਾਵਰਣ ਦੀ ਸ਼ੁਧਤਾ, ਬੇਟੀ ਬਚਾਓ ਬੇਟੀ ਪੜਾਓ, ਟਰੈਫਿਕ ਨਿਯਮਾਂ ਦੀ ਪਾਲਣਾ, ਵੱਡਿਆਂ ਦਾ ਸਤਿਕਾਰ ਕਰੋ ਆਦਿ ਬਾਰੇ ਹੋਣੇ ਚਾਹੀਦੇ ਹਨ।ਇਸ ਲਈ ਖੁੱਲੇ ਮੁਕਾਬਲੇ ਆਯੋਜਤ ਕੀਤੇ ਜਾਣ ਅਤੇ ਵਧੀਆ ਸਲੋਗਨ ਲਈ ਜੇਤੂਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਦੇ ਕੰਮਾਂ ਵਿੱਚ ਕਿਸੇ ਤਰਾਂ ਦੀ ਖੜੌਤ ਨਾ ਆਉਣ ਦਿੱਤੀ ਜਾਵੇ ਅਤੇ ਚੱਲ ਰਹੇ ਵਿਕਾਸ ਕੰਮਾਂ ਨੂੰ ਤੇਜੀ ਨਾਲ ਪੂਰਾ ਕੀਤਾ ਜਾਵੇ।ਉਨਾਂ ਦੱਸਿਆ ਕਿ ਪੈਨਸ਼ਨਾਂ ਦੀ ਪੜਤਾਲ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਲਾਭਪਾਤਰੀਆਂ ਨੂੰ ਉਨਾਂ ਦੀਆਂ ਪੈਨਸ਼ਨਾਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media