ਪੇਂਡੂ ਤੇ ਸ਼ਹਿਰੀ ਖੇਤਰ ਤੋਂ ਸੈਂਕੜੇ ਨੌਜਵਾਨਾਂ ਨੇ ਕੀਤੀ ਸ਼ਿਰਕਤ – ਭਾਈ ਸੰਧੂ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਧਾਰਨ ਕਰਨ ਦਾ ਸੁਨੇਹਾ ਦੇਣ
ਵਾਲੀ ਪੰਜਾਬ ਦੀ ਨਾਮਵਰ ਸੰਸਥਾ “ਲੰਗਰੁ ਚਲੈ ਗੁਰ ਸ਼ਬਦਿ” ਵਲੋਂ ਮਾਤਾ ਗੁਜ਼ਰ ਕੌਰ ਤੇ 4 ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੱਤ ਦਿਨਾਂ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵੱਖ-ਵੱਖ ਉਮਰ ਵਰਗ ਦੇ ਗਰੁੱਪਾਂ ਵਿਚ ਸਿੱਖ ਨੌਜਵਾਨਾਂ ਨੂੰ ਵੰਡ ਕੇ ਸੁੰਦਰ ਦਸਤਾਰ ਸਜਾਉਣ ਦੀ ਮੁਫਤ ਸਿੱਖਿਆ ਦਿੱਤੀ ਗਈ, ਜਦਕਿ ਸੰਪੂਰਨਤਾ ਸਮਾਰੋਹ ਸਮੇਂ ਇੱਕ ਵਿਸ਼ਾਲ ਖਾਲਸਾ ਦਸਤਾਰ ਮਾਰਚ ਵੀ ਕੱਢਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਸੰਧੂ ਹੁਸ਼ਿਆਰ ਨਗਰ ਨੇ ਦੱਸਿਆ ਕਿ ਖਾਲਸਾ ਦਸਤਾਰ ਮਾਰਚ ਦਾ ਸ਼ੁਭਆਰੰਭ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਨੌਧ ਸਿੰਘ ਪਿੰਡ ਚੀਚਾ ਤੋਂ ਕੀਤਾ ਗਿਆ ਜੋ ਕਿ ਜਨਮ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਬਘੇਲ ਸਿੰਘ ਜੀ ਭੁੱਸੇ, ਗੁਰਦੁਆਰਾ ਬਾਉਲੀ ਸਾਹਿਬ ਖਾਰੇ, ਗੁਰਦੁਆਰਾ ਬਾਬਾ ਮੰਗਲ ਸਿੰਘ ਸਤਲਾਨੀ ਸਾਹਿਬ ਹੋਸ਼ਿਆਰ ਨਗਰ, ਗੁਰਦੁਆਰਾ ਛੇਵੀਂ ਪਾਤਸ਼ਾਹੀ ਹੋਸ਼ਿਆਰ ਨਗਰ ਤੋਂ ਹੁੰਦਾ ਹੋਇਆ ਗੁਰਦਆਰਾ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਵਿਖੇ ਸਮਾਪਤ ਹੋਇਆ।ਭਾਈ ਸਰਬਜੀਤ ਸਿੰਘ ਸੰਧੂ ਅਨੁਸਾਰ ਇਸ ਮਾਰਚ ਦਾ ਉਘੇ ਗੁਰਬਾਣੀ ਪ੍ਰਚਾਰਕ ਤੇ ਕਾਰ ਸੇਵਕ ਸੰਤ ਬਾਬਾ ਨੌਨਿਹਾਲ ਸਿੰਘ ਚੀਚਾ, ਬਾਬਾ ਹਰਭਜਨ ਸਿੰਘ ਭੁੱਸੇ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਮੈਨੇਜਰ ਬਲਦੇਵ ਸਿੰਘ ਆਦਿ ਦੇ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਗ੍ਹਾ-ਜਗ੍ਹਾ ਸਵਾਗਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਕਾਰਜ ਸਿੱਖ ਨੌਜਵਾਨਾਂ ਨੂੰ ਸਿੱਖ ਮਰਿਆਦਾ, ਰਵਾਇਤਾਂ ਤੇ ਪਰੰਪਰਾਵਾਂ ਦੇ ਅਨੁਕੂਲ ਸਿੱਖੀ ਜੀਵਨ ਜਾਂਚ ਸਿਖਾਉਣ ਦੇ ਨਾਲ-ਨਾਲ ਆਪਣੀ ਵਿਰਾਸਤ ਤੇ ਸਿੱਖੀ ਸਰੂਪ ਨੂੰ ਧਾਰਨ ਕਰਵਾਉਣਾ ਹੈ।ਉਨ੍ਹਾਂ ਦੱਸਿਆ ਕਿ ਇਸ ਖਾਲਸਾ ਦਸਤਾਰ ਮਾਰਚ ਵਿੱਚ ਪੇਂਡੂ ਤੇ ਸ਼ਹਿਰੀ ਖੇਤਰ ਤੋਂ ਸੈਂਕੜੇ ਨੌਜਵਾਨਾਂ ਨੇ ਸ਼ਿਰਕਤ ਕਰਕੇ ਸੰਸਥਾ ਵਲੋਂ ਅਰੰਭੇ ਕਾਰਜ ਸਿਰੇ ਚੜਾਉਣ ਦਾ ਅਹਿਦ ਲਿਆ।
ਇਸ ਖਾਲਸਾ ਦਸਤਾਰ ਮਾਰਚ ਦੇ ਸਫਲ ਆਯੋਜਨ ਲਈ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਨਿਨ ਸੇਵਕਾਂ ਨੂੰ ਉੱਘੇ ਗੁਰਬਾਣੀ ਪ੍ਰਚਾਰਕ ਤੇ ਕਾਰ ਸੇਵਕ ਸੰਤ ਬਾਬਾ ਨੌਨਿਹਾਲ ਸਿੰਘ ਜੀ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਡਾ. ਜਸਵਿੰਦਰਜੀਤ ਸਿੰਘ, ਪ੍ਰਚਾਰਕ ਨਿਸ਼ਾਨ ਸਿੰਘ ਭੈਣੀ, ਨਿਸ਼ਾਨ ਸਿੰਘ ਮਾਲੂਵਾਲ, ਗੁਰਪਾਲ ਸਿੰਘ ਰਾਜਾਸਾਂਸੀ ਬਲਦੇਵ ਸਿੰਘ ਸਰਹਾਲੀ ਵਿਕਰਮਜੀਤ ਸਿੰਘ ਛੇਹਰਟਾ ਵਲੋਂ ਦਸਤਾਰ ਸਿਖਲਾਈ ਦੀ ਸੇਵਾ ਨਿਭਾਈ ਗਈ।ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media