ਅੰਮਿ੍ਤਸਰ, 12 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬੀ ਫੀਚਰ ਫਿਲਮ ਸੱਗੀ-ਫੁੱਲ ਦੀ ਸਮੁੱਚੀ ਟੀਮ ਅੱਜ ਗੁਰੂ ਘਰ ਦਾ ਆਸ਼ੀਰਵਾਦ ਲੈਣ
ਹਿੱਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਅਤੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਚਰਨਾਂ ’ਚ ਸੀਸ ਝੁਕਾ ਕੇ ਫਿਲਮ ਦੀ ਕਾਮਯਾਬੀ ਦੀ ਕਾਮਨਾ ਕੀਤੀ।
ਫਿਲਮ ਦੇ ਕਹਾਣੀ, ਸੰਵਾਦ ਅਤੇ ਗੀਤਾਂ ਦੇ ਲੇਖਕ ਸੂਫੀ ਸ਼ਾਇਰ ਅਤੇ ਪ੍ਰਮੁੱਖ ਪ੍ਰਸ਼ਾਸ਼ਨਿਕ ਅਧਿਕਾਰੀ ਬਖਤਾਵਰ ਸਿੰਘ ਹੁਰਾਂ ਦੀ ਅਗਵਾਈ ’ਚ ਫਿਲਮ ਦੇ ਨਿਰਮਾਤਾ ਸ਼ਿਵਤਾਰ, ਨਾਇਕ ਅਮਿਤੋਜ਼ ਸ਼ੇਰਗਿਲ, ਸਹਿ-ਨਾਇਕ ਰਵਿੰਦਰ ਪਵਾਰ (ਮਿਸਟਰ ਪੰਜਾਬ ਫੇਮ), ਨੀਤੂ ਪੰਧੇਰ ਆਦਿ ਕਲਾਕਾਰਾਂ ਨੇ ਗੁਰੂ ਘਰ ਵਿਚ ਹਾਜ਼ਰੀ ਭਰੀ।ਫਿਲਮ ਬਾਰੇ ਗੱਲ ਕਰਦਿਆਂ ਬਖਤਾਵਰ ਸਿੰਘ ਹੁਰਾਂ ਦਸਿਆ ਕਿ ਮਜਾਹੀਆ ਕਿਸਮ ਦੀ ਲੜੀ ਤੋਂ ਹਟ ਕੇ ਉਨਾਂ ਦੀ ਇਹ ਫਿਲਮ ਖੁਦਕੁਸ਼ੀਆਂ ਦੇ ਰਾਹ ਪਏ ਅੰਨਦਾਤੇ ਅਤੇ ਨਸ਼ਿਆਂ ਦੀ ਦਲ-ਦਲ ’ਚ ਧੱਸਦੀ ਜਾ ਰਹੀ ਅਜੋਕੀ ਨੌਜਵਾਨ ਪੀੜੀ ਦੀਆਂ ਦੁਸ਼ਵਾਰੀਆਂ ਬਿਆਨਦੀ ਹੈ।ਉਨਾਂ ਇਹ ਵੀ ਦਸਿਆ ਕਿ ਫਿਲਮ ਜਿਥੇ ਬਹੁ-ਮੁੱਲੀਆਂ ਮਾਨਵੀ ਕਦਰਾਂ-ਕੀਮਤਾਂ ਦੇ ਨਾਲ-ਨਾਲ ਕਿਰਤ ਸਭਿਆਚਾਰ ਦੀ ਗੱਲ ਕਰਦੀ ਹੈ, ਉਥੇ ਸਾਂਝੇ ਪਰਿਵਾਰਾਂ ’ਚ ਸਮਾਜਿਕ ਰਿਸ਼ਤਿਆਂ ਦੀ ਪੀਡੀ ਗੰਢ ਨੂੰ ਵੀ ਬਾਖੂਬੀ ਬਿਆਨਦੀ ਹੈ।ਗੱਲ ਨੂੰ ਜਾਰੀ ਰੱਖਦਿਆਂ ਫਿਲਮ ਦੇ ਨਿਰਮਾਤਾ ਸ਼ਿਵਤਾਰ ਨੇ ਦੱਸਿਆ ਕਿ ਕੰਨ ਪਾੜਵੇਂ ਸ਼ੋਰ-ਸ਼ਰਾਬੇ ਤੋਂ ਮੁੁਕਤ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ’ਚ ਸਟਾਰ ਗਾਇਕਾ ਜਸਪਿੰਦਰ ਨਰੂਲਾ, ਨੂਰਾਂ ਸਿਸਟਰਜ, ਨਿੰਜਾ ਅਤੇ ਯਾਕੂਬ ਜਿਹੇ ਨਾਮੀ ਕਲਾਕਾਰ ਫਿਲਮ ਦੀ ਪਿੱਠ ਭੂਮੀ ’ਚ ਆਪਣੀ ਅਵਾਜ਼ ਦਾ ਜਾਦੂ ਬਿਖੇਰਨਗੇ।
19 ਜਨਵਰੀ ਨੂੰ ਸਿਨਮਿਆਂ ਦਾ ਸ਼ਿੰਗਾਰ ਬਨਣ ਜਾ ਰਹੀ ਇਸ ਫਿਲਮ ’ਚ ਬਾਲੀਵੁੱਡ ਅਤੇ ਪਾਲੀਵੁਡ ਦੇ ਪ੍ਰੋੜ ਕਲਾਕਾਰ ਸੁਰਿੰਦਰ ਮਾਹਲ, ਅੰਮ੍ਰਿਤਪਾਲ, ਗੁਰਪ੍ਰੀਤ ਭੰਗੂ ਆਦਿ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media