30 ਜੂਨ ਤੱਕ ਪ੍ਰਾਜੈਕਟ ਪੂਰਾ ਕਰਨ ਦੀਆਂ ਦਿੱਤੀਆਂ ਹਦਾਇਤਾਂ
ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਦੁਰਗਿਆਣਾ ਮੰਦਰ ਵਿਖੇ ਚੱਲ ਰਹੇ ਪ੍ਰਾਜੈਕਟ ਲਈ ਪੰਜਾਬ ਸਰਕਾਰ ਦੀ ਤਰਫੋਂ 11 ਕਰੋੜ ਰਿਲੀਜ਼ ਕਰਦੇ ਹੋਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰਾ ਪ੍ਰਾਜੈਕਟ 30 ਜੂਨ ਤੱਕ ਹਰ ਹਾਲਤ ਨੇਪਰੇ ਚਾੜਿਆ ਜਾਵੇ।ਅੱਜ ਇਸ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਦੁਰਗਿਆਣਾ ਮੰਦਰ ਪੁੱਜੇ ਸਿੱਧੂ ਨੇ ਸਾਰੇ ਕੰਮ ਦਾ ਬੜੀ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਚੱਲ ਰਹੇ ਕੰਮ ਨੂੰ ਵੇਖਿਆ।ਉਨਾਂ ਕਿਹਾ ਕਿ ਇਹ ਮੰਦਰ ਜਿੱਥੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ, ਉਥੇ ਹਰ ਰੋਜ਼ ਹਜ਼ਾਰਾਂ ਸੈਲਾਨੀ ਦੇਸ਼-ਵਿਦੇਸ਼ ਵਿਚੋਂ ਇਸ ਦੇ ਦਰਸ਼ਨ ਕਰਨ ਆਉਂਦੇ ਹਨ, ਇਸ ਲਈ ਜ਼ਰੂਰੀ ਹੈ ਕਿ ਇੱਥੇ ਚੱਲ ਰਹੇ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ।
ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਪ੍ਰਾਜੈਕਟ ਲਈ 6 ਕਰੋੜ ਰੁਪਏ ਦਿੱਤੇ ਸਨ ਅਤੇ ਅੱਜ ਉਹ 11 ਕਰੋੜ ਰੁਪਏ ਜਾਰੀ ਕਰ ਰਹੇ ਹਨ।ਇਸ ਨਾਲ ਫੰਡਾਂ ਦੀ ਕੋਈ ਘਾਟ ਨਹੀਂ ਰਹੇਗੀ।ਉਨਾਂ ਕਿਹਾ ਕਿ ਇਸ ਵਿਚੋਂ 2 ਕਰੋੜ ਰੁਪਏ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਨੂੰ ਇੱਥੇ ਬਿਜਲੀ ਸਪਲਾਈ ਦੇ ਕੰਮ ਨੂੰ ਅਤਿ-ਆਧੁਨਿਕ ਢੰਗ ਨਾਲ ਕਰਨ ਲਈ ਦਿੱਤੇ ਜਾ ਰਹੇ ਹਨ। 
ਸਿੱਧੂ ਨੇ ਕਿਹਾ ਕਿ ਹੁਣ ਉਹ ਇਸ ਪ੍ਰਾਜੈਕਟ ਦੀ ਆਪ ਨਿਗਰਾਨੀ ਕਰਨਗੇ।ਉਨਾਂ ਕੰਮ ਵਿਚ ਲੱਗੇ ਸਾਰੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕੁਆਲਟੀ ਦਾ ਖਿਆਲ ਰੱਖਦੇ ਹੋਏ ਕੰਮ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ।ਉਨਾਂ ਕਿਹਾ ਕਿ ਉਹ ਖ਼ੁਦ ਹਰ ਮਹੀਨੇ ਇੱਥੇ ਚੱਲ ਰਹੇ ਕੰਮ ਦੀ ਰਿਪੋਰਟ ਲੈਣਗੇ।ਇਸ ਮੌਕੇ ਮੰਦਰ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
Punjab Post Daily Online Newspaper & Print Media