ਜੀ.ਕੇ ਖਿਲਾਫ ਅਦਾਲਤ `ਚ ਕ੍ਰਿਮੀਨਲ ਮਨਾਹਾਨੀ ਕੇਸ ਦਰਜ ਕਰਵਾਵਾਂਗਾ- ਟਾਈਟਲਰ
ਨਵੀਂ ਦਿੱਲੀ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿਤ ਕਬੂਨਨਾਮੇ ਦਾ ਵੀਡੀਓ ਸਾਹਮਣੇ ਲਿਆਉਣ ਵਾਲੀ ਦਿੱਲੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇਸ ਮਸਲੇ ਨੂੰ ਲੋਕ ਲਹਿਰ ਦਾ ਰੂਪ ਦੇਣ ਵੱਲ ਤੁਰ ਪਈ ਹੈ।1984 ਸਿੱਖ ਕਤਲੇਆਮ ਦੀ ਯਾਦਗਾਰ ਸੱਚ ਦੀ ਕੰਧ ’ਤੇ ਅੱਜ ਪੀੜਿਤ ਪਰਿਵਾਰਾਂ ਦੀ ਵਿਧਵਾਵਾਂ ਨੂੰ ਲੈ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੈਂਡਲ ਮਾਰਚ ਕੱਢਿਆ।ਦਿੱਲੀ ਪੁਲਿਸ ਦੀ ਇਸ ਮਸਲੇ ’ਤੇ ਢਿੱਲੇ ਰਵੱਈਐ ਨੂੰ ਮੁੱਦਾ ਬਣਾਉਂਦੇ ਹੋਏ ਜੀ.ਕੇ ਨੇ 7 ਫਰਵਰੀ ਨੂੰ ਦਿੱਲੀ ਪੁਲਿਸ ਹੈਡ ਕੁਆਟਰ ਦਾ ਘਿਰਾਊ ਕਰਨ ਦਾ ਐਲਾਨ ਕੀਤਾ।
ਜੀ.ਕੇ ਨੇ ਕਿਹਾ ਕਿ ਜੇਕਰ ਇਤਨੇ ਸਬੂਤਾਂ ਦੇ ਬਾਅਦ ਵੀ ਦਿੱਲੀ ਪੁਲਿਸ ਨੂੰ ਟਾਈਟਲਰ ਕਾਤਲ ਨਜ਼ਰ ਨਹੀਂ ਆਉਂਦਾ ਤਾਂ ਇਹ ਭਾਰਤੀ ਪੁਲਿਸ ਵਿਵਸਥਾ ਲਈ ਸਵੈ ਪੜਚੋਲ ਦਾ ਸਮਾਂ ਹੈ। ਕਿਉਂਕਿ ਇਕ ਪਾਸੇ ਭਾਰਤੀ ਪੁਲਿਸ ਕਾਲੇ ਹਿਰਨ ਦੇ ਸ਼ਿਕਾਰ ’ਚ ਵੱਡੇ ਫਿਲਮੀ ਅਦਾਕਾਰ ਨੂੰ ਜੇਲ ਭੇਜ ਦਿੰਦੀ ਹੈ ਤੇ ਦੂਜੇ ਪਾਸੇ 100 ਸਿੱਖਾਂ ਦੇ ਕਤਲ ਦਾ ਕਬੂਲਨਾਮਾ ਦੇਣ ਵਾਲੇ ਦੇ ਖਿਲਾਫ਼ ਮੁਕਦੱਮਾ ਦਰਜ਼ ਕਰਨ ’ਚ ਹਿਚਕਿਚਾ ਰਹੀ ਹੈ।ਜਦਕਿ ਕੱਲ ਮੈਂ ਆਪਣੇ ਵੱਲੋਂ ਥਾਣਾ ਗ੍ਰੇਟਰ ਕੈਲਾਸ਼ ਵਿੱਖੇ ਸ਼ਿਕਾਇਤ ਦੇ ਦਿੱਤੀ ਹੈ।
ਜੀ.ਕੇ ਨੇ ਟਾਈਟਲਰ ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨ ’ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਟਾਈਟਲਰ ਦੀਆਂ ਧਮਕੀਆਂ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ।ਕਦੇ ਰਾਹੁਲ ਗਾਂਧੀ ਦਾ ਵਕੀਲ ਮੈਂਨੂੰ ਨੋਟਿਸ ਭੇਜ ਕੇ ਧਮਕਾਉਂਦਾ ਹੈ, ਤੇ ਹੁਣ ਟਾਈਟਲਰ ਮੇਰੇ ’ਤੇ ਅਪਰਾਧਿਕ ਮੁਕੱਦਮਾ ਦਰਜ ਕਰਾਉਣ ਦੀ ਧਮਕੀ ਦਿੰਦਾ ਹੈ।ਮੇਰੀ ਜਾਨ ਬੇਸ਼ਕ ਚਲੀ ਜਾਵੇ, ਪਰ ਇਨਸਾਫ ਪ੍ਰਾਪਤੀ ਦੀ ਇਹ ਲੜਾਈ ਕਿਸੇ ਕੀਮਤ ਤੇ ਅਕਾਲੀ ਦਲ ਨਹੀਂ ਛੱਡੇਗਾ।ਸਾਡੀ ਭਵਿੱਖ ਦੀ ਟੀਮ ਵੀ ਅਗਲੀ ਲੜਾਈ ਸੰਭਾਲਣ ਲਈ ਤਿਆਰ ਖੜੀ ਹੈ।
ਜੀ.ਕੇ ਨੇ ਸਾਫ਼ ਕਿਹਾ ਕਿ ਕੱਲ ਦਾ ਚੇਤਾਵਨੀ ਮਾਰਚ ਪੁਲਿਸ ਨੂੰ ਸਾਡੇ ਵੱਲੋਂ ਆਖਰੀ ਚੇਤਾਵਨੀ ਹੈ ਜੇਕਰ ਪੁਲਿਸ ਦੀ ਅੰਤਰਆਤਮਾ ਨਹੀਂ ਜਾਗੀ ਤਾਂ ਅਸੀ ਸੜਕਾਂ ਨੂੰ ਜਾਮ ਕਰਨ, ਗ੍ਰਹਿ ਮੰਤਰੀ ਦਾ ਘੇਰਾਉ, ਮੈਟਰੋ ਸਟੇਸ਼ਨਾਂ ਮੁਹਰੇ ਪ੍ਰਦਰਸ਼ਨ ਸਣੇ ਕਈ ਹੈਰਾਨੀਜਨਕ ਫੈਸਲੇ ਲੈਣ ਨੂੰ ਮਜਬੂਰ ਹੋ ਜਾਵਾਂਗੇ।ਸਾਡੀ ਮੁਹਿੰਮ ਕਰਕੇ ਆਮ ਨਾਗਰਿਕ ਨੂੰ ਹੋਣ ਵਾਲੀ ਖੱਜਲ-ਖ਼ੁਆਰੀ ਦੀ ਜਿੰਮੇਵਾਰੀ ਵੀ ਸਰਕਾਰ ਦੀ ਹੋਵੇਗੀ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਕਮੇਟੀ ਮੈਂਬਰ ਚਮਨ ਸਿੰਘ, ਆਤਮਾ ਸਿੰਘ ਲੁਬਾਣਾ ਅਤੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।
ਉਧਰ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਜਗਦੀਸ਼ ਟਾਈਟਲਰ ਨੇ ਵੀਡੀਓ ਸੀ.ਡੀ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਹੈ ਕਿ ਉਹ ਬੇਕਸੂਰ ਹਨ।ਟਾਈਟਲਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਖਿਲਾਫ ਅਦਾਲਤ ਵਿੱਚ ਕ੍ਰਿਮੀਨਲ ਮਨਾਹਾਨੀ ਕੇਸ ਦਰਜ ਕਰਵਾਉਣ ਦੀ ਵੀ ਗੱਲ ਕਹੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media