ਨਵੀਂ ਦਿੱਲੀ, 7 ਫਰਵਰੀ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜੀ ਉਰਜਾ ਦਾ
ਪਲਾਂਟ ਲਗਾਉਣ ਦੇ ਕਾਰਜ ਦੀ ਸ਼ੁਰੂਆਤ ਕੀਤੀ ਗਈ।ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵਲੋਂ ਅਰਦਾਸ ਉਪਰੰਤ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਰਜ ਸ਼ੁਰੂ ਕਰਨ ਦੀ ਰਸਮ ਨਿਭਾਈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੂਰਜੀ ਉਰਜਾ ਦੇ ਇਸਤੇਮਾਲ ਨਾਲ ਕਮੇਟੀ ਨੂੰ ਮਾਸਿਕ ਤੌਰ ’ਤੇ ਘੱਟ ਮਾਲੀ ਭਾਰ ਅਤੇ ਵਾਤਾਵਰਨ ਨੂੰ ਵੀ ਕਾਰਬਨ ਡਾਈ ਆਕਸਾਈਡ ਦੇ ਜਹਿਰ ਦਾ ਘੱਟ ਸਾਹਮਣਾ ਕਰਨ ਦਾ ਦਾਅਵਾ ਕੀਤਾ।
ਜੀ.ਕੇ ਨੇ ਕਿਹਾ ਕਿ ਗੁਰੂ ਹਰਿ ਰਾਇ ਸਾਹਿਬ ਨੇ ਸਾਨੂੰ ਵਾਤਾਵਰਨ ਨੂੰ ਬਚਾਉਣ ਦਾ ਸੱਦਾ ਦਿੱਤਾ ਸੀ। ਕੋਇਲੇ ਨਾਲ ਤਿਆਰ ਹੋਣ ਵਾਲੀ ਬਿਜਲੀ ਕਰਕੇ ਵੱਡੀ ਮਾਤਰਾ ’ਚ ਗੰਦਲੀ ਗੈਸਾਂ ਵੱਲੋਂ ਵਾਤਾਵਰਨ ਨੂੰ ਖਰਾਬ ਕਰਨ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਜਿਥੇ ਅਸੀਂ ਵਾਤਾਵਰਨ ਦੀ ਰਾਖੀ ਕਰ ਰਹੇ ਹਾਂ ਉਥੇ ਹੀ ਕੁਦਰਤੀ ਸਰੋਤਾਂ ਦੇ ਭੰਡਾਰ ਨੂੰ ਖਰਾਬ ਹੋਣ ਤੋਂ ਬਚਾਉਣ ਵਾਸਤੇ ਵੀ ਤੁਰ ਪਏ ਹਾਂ।ਸੂਰਜੀ ਉਰਜਾ ਨਾਲ ਤਿਆਰ ਹੋਣ ਵਾਲੀ ਬਿਜਲੀ ਗੁਰਦੁਆਰਾ ਸਾਹਿਬ ਦੇ ਬਿਜਲੀ ਬਿਲ ਦੇ ਬਜਟ ਨੂੰ ਘਟਾਉਣ ਦਾ ਵੀ ਮਾਧਿਅਮ ਬਣੇਗੀ।
ਚੰਦੂਮਾਜਰਾ ਨੇ ਕਮੇਟੀ ਵੱਲੋਂ ਕੀਤੀ ਜਾ ਰਹੀ ਪਹਿਲ ਨੂੰ ਚੰਗਾ ਕਦਮ ਦੱਸਦੇ ਹੋਏ ਬਾਕੀ ਗੁਰਦੁਆਰਿਆਂ ’ਚ ਵੀ ਅਜਿਹੇ ਕਾਰਜ ਸ਼ੁਰੂ ਕਰਨ ਦੀ ਸਲਾਹ ਦਿੱਤੀ।ਸੂਰਜੀ ਉਰਜਾ ਦੇ ਪ੍ਰੌਜੈਕਟ ਦੇ ਇੰਚਾਰਜ ਅਤੇ ਕਮੇਟੀ ਮੈਂਬਰ ਹਰਜੀਤ ਸਿੰਘ ਜੀ.ਕੇ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਧਰਮ ਪ੍ਰਚਾਰ ਕਮੇੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਸਣੇ ਕਈ ਦਿੱਲੀ ਕਮੇਟੀ ਮੈਂਬਰ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media