
ਅੰਮ੍ਰਿਤਸਰ, 31 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਿੰਸੀਪਲ ਪ੍ਰਸ਼ਾਤ ਵਿਦਿਆ ਮੰਦਰ ਕੋਟਾ, ਰਾਜਿਸਥਾਨ ਨੂੰ ਮੁਆਫੀ ਮੰਗਣ ਲਈ ਪੱਤਰ ਲਿਖਿਆ। ਆਪਣੇ ਇਸ ਪੱਤਰ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੀਡੀਆ ਦੀਆਂ ਖਬਰਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਆਪ ਦੀ ਸੰਸਥਾ ਵੱਲੋਂ ਅੰਮ੍ਰਿਤਧਾਰੀ ਗੁਰਸਿੱਖ ਲੜਕੇ ਨੂੰ ਇਮਤਿਹਾਨ ਵਿੱਚ ਕਕਾਰ ਪਹਿਨ ਕੇ ਜਾਣ ਤੋਂ ਰੋਕ ਦਿੱਤਾ ਗਿਆ ਹੈ, ਜੋ ਬਹੁਤ ਹੀ ਅਫ਼ਸੋਸਨਾਕ ਅਤੇ ਬਦਕਿਸਮਤੀ ਵਾਲੀ ਘਟਨਾ ਹੈ। ਇਹ ਵਿਅਕਤੀ ਦੀ ਸੰਵਿਧਾਨਿਕ ਤੇ ਮੌਲਿਕ ਅਧਿਕਾਰਾਂ ਦੀ ਅਜ਼ਾਦੀ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਪੂਰੇ ਸਿੱਖ ਸਮੁਦਾਏ ਵਿੱਚ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਉਸ ਬੱਚੇ ਦੇ ਧਾਰਮਿਕ ਜਜਬਾਤਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ 1699 ਈਸਵੀ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਆਪਣੇ ਅੰਮ੍ਰਿਤਧਾਰੀ ਸਿੱਖਾਂ ਨੂੰ ਰਹਿਤ ਵਜੋਂ ਪੰਜ ਕਕਾਰ ਕਛਿਹਰਾ, ਕੰਘਾ, ਕੜ੍ਹਾ, ਕ੍ਰਿਪਾਨ ਤੇ ਕੇਸਾ ਦੇ ਧਾਰਨੀ ਹੋਣ ਲਈ ਕਿਹਾ। ਉਨ੍ਹਾਂ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਪ੍ਰਸ਼ਾਤ ਵਿਦਿਆ ਮੰਦਰ ਦੇ ਪ੍ਰਿੰਸੀਪਲ ਨੂੰ ਅਦਾਰੇ ਵੱਲੋਂ ਵਿਦਿਆਰਥੀ ਤੇ ਉਸ ਦੇ ਮਾਪਿਆਂ ਤੋਂ ਮੁਆਫੀ ਮੰਗਣ ਤੇ ਇੱਕ ਹਫਤੇ ਦੇ ਅੰਦਰ-ਅੰਦਰ ਉਸ ਦਾ ਇਮਤਿਹਾਨ ਲੈਣ ਲਈ ਢੁਕਵੇਂ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਤੇ ਪ੍ਰਿੰਸੀਪਲ ਅਤੇ ਉਕਤ ਅਦਾਰੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਅਵਤਾਰ ਸਿੰਘ ਨੇ ਇੱਕ ਵੱਖਰੀ ਪੱਤਰਕਾ ਜ਼ਿਲ੍ਹਾ ਮੈਜਿਸਟ੍ਰੇਟ ਰਾਜਿਸਥਾਨ ਨੂੰ ਵੀ ਲਿਖੀ। ਜਿਸ ਵਿੱਚ ਉਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਨਿੱਜੀ ਦਿਲਚਸਪੀ ਲੈ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਦਾਰੇ ਤੇ ਉਸ ਦੇ ਕਰਮਚਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media