Monday, March 23, 2026

`ਚੜ੍ਹਿਆ ਬਸੰਤ` ਗਿਆਨ ਭਰਪੂਰ ਦਿਸ਼ਾ ਦੇਣ ਦੇ ਸਮਰੱਥ – ਸੁਰਜੀਤ ਪਾਤਰ

ਨਾਦ ਪ੍ਰਗਾਸੁ ਸਾਹਿਤ ਉਤਸਵ-2018 ਉਤਸ਼ਾਹ ਨਾਲ ਸੰਪਨ
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – “ਨਾਦ ਪ੍ਰਗਾਸੁ ਸੰਸਥਾ ਨੇ ਪੰਜਾਬੀ ਸਾਹਿਤ ਚਿੰਤਨ ਵਿਚ ਨਵੀਂ PPN0103201824ਸੰਵੇਦਨਾ ਅਤੇ ਨਵੀਂ ਸਮਝ ਪੈਦਾ ਕਰਕੇ ਪੰਜਾਬੀ ਵਿਚ ਇਕ ਸੱਜਰਾਪਣ ਲਿਆਂਦਾ ਹੈ, ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਦਿਸ਼ਾ ਮਿਲਣ ਦੀ ਆਸ ਪੈਦਾ ਹੋਈ ਹੈ।” ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਇਥੇ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਖਾਲਸਾ ਕਾਲਜ ਫਾਰ ਵਿਮਨ ਵਿਖੇ ਕਰਵਾਏ ਗਏ ਸਾਹਿਤ ਉਤਸਵ ਦੇ ਦੂਜੇ ਅਤੇ ਆਖਰੀ ਦਿਨ ਹੋਏ ਚੜ੍ਹਿਆ ਬਸੰਤ ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਦੇ ਸ਼੍ਰੋਮਣੀ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਹੇ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਕੁੱਝ ਨਵੀਆਂ ਰਚਨਾਵਾਂ ਤਰਨੁੰਮ ਵਿਚ ਗਾ ਕੇ ਵੀ ਸੁਣਾਈਆਂ। PPN0103201825
ਇਹ ਕਵੀ ਦਰਬਾਰ ਅੱਜ ਸਵੇਰੇ ਦਿਲਰੁਬਾ ਵਾਦਨ ਦੇ ਨਾਲ ਆਰੰਭ ਹੋਇਆ ਅਤੇ ਬੋਦਲਾਂ ਘਰਾਣੇ ਤੋਂ ਸਤਨਿੰਦਰ ਸਿੰਘ ਨੇ ਬਸੰਤ ਰਾਗ ਦਾ ਗਾਇਨ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਬਾਅਦ ਵਿਚ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਆਏ ਸਮੂਹ ਵਿਦਿਆਰਥੀਆਂ, ਵਿਦਵਾਨਾਂ, ਕਵੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਬੇਹੱਦ ਜਰੂਰੀ ਹੈ।
ਮੁੱਖ ਮਹਿਮਾਨ ਵਜੋਂ ਹਾਜਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ ਨੇ ਬਸੰਤ ਰੁਤ ਦੇ ਪੰਜਾਬੀ ਸਾਹਿਤ ਅਤੇ ਪਰੰਪਰਾ ਵਿਚ ਪਏ ਮਹੱਤਵਪੂਰਨ ਤੱਥਾਂ ਵੱਲ ਧਿਆਨ ਦਿਵਾਇਆ।
ਅੱਜ ਦੇ ਇਸ ਕਵੀ ਦਰਬਾਰ ਵਿਚ ਡਾ. ਮਨਮੋਹਨ, ਡਾ. ਰਵਿੰਦਰ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਮਨਜੀਤ ਇੰਦਰਾ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਪ੍ਰੋ. ਗੁਰਦੇਵ ਸਿੰਘ, ਸੁਰਿੰਦਰ ਸਿੰਘ, ਦੇਵਰਾਜ ਅਤੇ ਗੁਰਪ੍ਰੀਤ ਕੌਰ ਨੇ ਪੰਜਾਬੀ ਵਿਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਕਵੀ ਦਰਬਾਰ ਦੀ ਵਿਲੱਖਣਤਾ ਉਸ ਵੇਲੇ ਸਾਹਮਣੇ ਆਈ ਜਦੋਂ ਪੰਜਾਬੀ ਦੀਆਂ ਉਪ ਬੋਲੀਆਂ ਪਹਾੜੀ, ਗੋਜਰੀ ਅਤੇ ਡੋਗਰੀ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਇਕ ਵੱਖਰੇ ਅੰਦਾਜ਼ ਵਿਚ ਸਰੋਤਿਆਂ ਨੂੰ ਸੁਣਾਈਆਂ।ਇਨ੍ਹਾਂ ਕਵੀਆਂ ਵਿਚ ਪ੍ਰਵੇਜ਼ ਮਲਿਕ (ਪਹਾੜੀ), ਵਿਜਯਾ ਠਾਕੁਰ (ਡੋਗਰੀ), ਕਰੀਮ ਚੌਧਰੀ (ਗੋਜਰੀ) ਅਤੇ ਡਾ. ਚੰਚਲ ਹਸੀਨ (ਡੋਗਰੀ) ਆਦਿ ਸ਼ਾਮਿਲ ਸਨ। ਇਸ ਮੌਕੇ ਸੰਸਥਾ ਵੱਲੋਂ ਲਾਈਆਂ ਗਈਆਂ ਪੁਸਤਕ ਤੇ ਚਿਤਰਕਲਾ ਪ੍ਰਦਰਸ਼ਨੀਆਂ ਨੇ ਵਿਦਿਆਰਥੀਆਂ ਦਾ ਧਿਆਨ ਖਿੱਚੀ ਰੱਖਿਆ।
ਕਵੀ ਦਰਬਾਰ ਦੇ ਅੰਤ ਵਿਚ ਧੰਨਵਾਦੀ ਮਤਾ ਪੇਸ਼ ਕਰਦਿਆਂ ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਕਰਵਾਏ ਜਾਂਦੇ ਸਮਾਗਮ ਪੰਜਾਬੀ ਸੁਹਜ ਸ਼ਾਸਤਰ ਦੀ ਮੌਲਿਕਤਾ ਨੂੰ ਧਿਆਨ ਵਿਚ ਰੱਖ ਕੇ ਆਯੋਜਤ ਕੀਤੇ ਜਾਂਦੇ ਹਨ, ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਵਿਚ ਇਕ ਨਵੀਂ ਸੁਹਜ ਚੇਤਨਾ ਦਾ ਸੰਚਾਰ ਹੋ ਸਕੇ।ਸਮੂਹ ਕਵੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਡਾ. ਰੁਪਿੰਦਰਜੀਤ ਕੌਰ ਅਤੇ ਡਾ. ਅਮਰਜੀਤ ਸਿੰਘ ਨੇ ਬਾਖੂਬੀ ਨਿਭਾਈ।
ਸਾਹਿਤ ਉਤਸਵ ਦੇ ਪਹਿਲੇ ਦਿਨ ਕਰਵਾਏ ‘ਲਲਿਤ ਕਲਾ: ਗਿਆਨ ਸ਼ਾਸਤਰ ਅਤੇ ਅਭਿਆਸ ਪ੍ਰਕਿਰਿਆ’ ਵਿਸ਼ੇ ‘ਤੇ ਸੈਮੀਨਾਰ ਦੇ ਉਦਘਾਟਨੀ ਸਮਾਗਮ ਵਿਚ ਪ੍ਰੋ. ਬਲਕਾਰ ਸਿੰਘ ਨੇ ਕਿਹਾ ਕਿ ਪਰਿਵਰਤਨ ਇਕ ਅਟੱਲ ਨਿਯਮ ਹੈ, ਪਰ ਇਸ ਦੀਆਂ ਜੜ੍ਹਾਂ ਤਾਂ ਹੀ ਮਜ਼ਬੂਤ ਹੁੰਦੀਆਂ ਹਨ ਜੇਕਰ ਇਹ ਚੇਤਨਾ ਵਿਚੋਂ ਪੈਦਾ ਹੋ ਰਿਹਾ ਹੋਵੇ। ਪੰਜਾਬ ਕੋਲ ਆਪਣਾ ਸਮਾਜਿਕ ਸਭਿਆਚਾਰਕ ਮਾਡਲ ਹੈ।
ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ “ਮੌਜੂਦਾ ਪੰਜਾਬੀ ਮਾਨਸਿਕਤਾ ਆਪਣੀ ਗੁਹਜ ਰੁਚੀਆਂ ਵਿਚ ਵਿਗਾੜ ਪੈਦਾ ਕਰੀ ਬੈਠੀ ਹੈ। ਜਿਸ ਦਾ ਪ੍ਰਮੁੱਖ ਕਾਰਨ ਹਸੁਜ ਸ਼ਾਸਤਰ ਦੀ ਅਣਹੋਂਦ ਹੈ ।”
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਮਨਮੋਹਨ ਨੇ ਕਿਹਾ ਕਿ ਹੁਣ ਇਕ ਨਵੀਂ ਕਿਸਮ ਦੀ ਵਿਸ਼ਵ ਜੰਗ ਲੱਗੀ ਹੋਈ ਹੈ ਜਿਸ ਵਿਚ ਨਾ ਪੈਸਾ ਵਰਤਿਆ ਜਾ ਰਿਹਾ ਹੈ ਨਾ ਹਥਿਆਰ ਬਲਕਿ ਵਿਚਾਰਾਂ ਨੂੰ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ।
ਇਸ ਮੌਕੇ ਪੰਜਾਬੀ ਸਾਹਿਤ ਬਾਬਤ ਖੋਜ ਪੇਪਰ ਪੜ੍ਹਦਿਆਂ ਡਾ. ਯਾਦਵਿੰਦਰ ਸਿੰਘ, ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਕਿਹਾ ਕਿ ਪੂਰਬ ਅਤੇ ਪੱਛਮ ਨੂੰ ਦੋ ਵਿਚਾਰਧਾਰਾਈ ਸੰਕਲਪਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ।ਸਾਨੂੰ ਪੰਜਾਬੀ ਦਾ ਗਿਆਨ ਸ਼ਾਸਤਰ ਬਾਬਾ ਫਰੀਦ ਤੋਂ ਪਹਿਲਾਂ ਤੋਂ ਵੇਖਣ ਦੀ ਆਦਤ ਪਾਉਣੀ ਪਵੇਗੀ।ਇਸ ਮੌਕੇ ਪੰਜਾਬੀ ਸੰਗੀਤ ਬਾਬਤ ਆਪਣਾ ਪੇਪਰ ਪੜ੍ਹਦਿਆਂ ਪੰਜਾਬੀ ਦੇ ਪ੍ਰਸਿੱਧ ਆਲੋਚਕ, ਤਸਕੀਨ ਨੇ ਕਿਹਾ ਕਿ ਪੰਜਾਬ ਸ਼ਬਦ ਦੀ ਧਰਤੀ ਪਰ ਸਾਡੇ ਸਮਕਾਲ ਵਿਚ ਸ਼ਬਦ ਸ਼ੋਰ ਦਾ ਸੰਚਾਰ ਸਾਧਨ ਬਣ ਗਿਆ ਹੈ।ਪੰਜਾਬੀ ਮਨ ਆਪਣੇ ਸਮਕਾਲੀ ਅਸਤਿਤਵੀ ਪ੍ਰਸ਼ਨਾਂ ਨਾਲ ਸੰਵਾਦ ਰਚਾਉਣ ਦੀ ਬਜਾਇ ਉਨ੍ਹਾਂ ਨੂੰ ਅਣਗੌਲਿਆਂ ਕਰ ਕਰਕੇ ਬਚਣਾ ਚਾਹੁੰਦਾ ਹੈ।ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲ ਤੋਂ ਡਾ. ਗੁਰਮੁਖ ਸਿੰਘ ਪੰਜਾਬੀ ਸਿਨੇਮਾ ਬਾਰੇ ਕਿਹਾ ਕਿ ਸਾਡੇ ਕੋਲ ਸਿਨੇਮਾ ਨੂੰ ਪ੍ਰਭਾਸ਼ਿਤ ਕਰਨ ਵਾਲੀ ਸੰਕਲਪਿਕ ਭਾਸ਼ਾ ਹੀ ਨਹੀਂ ਹੈ ਅਤੇ ਪੰਜਾਬੀ ਸਿਨੇਮਾ ਸਾਹਿਤ ਕੋਲੋਂ ਬਹੁਤ ਦੂਰੀ ‘ਤੇ ਵਿਚਾਰ ਰਿਹਾ ਹੈ।ਵਿਚਾਰ ਚਰਚਾ ਵਿਚ ਪ੍ਰੋ. ਮੋਹਣ ਸਿੰਘ, ਡਾ. ਆਤਮ ਰੰਧਾਵਾ ਅਤੇ ਗੁਰਪ੍ਰੀਤ ਸਿੰਘ ਨੇ ਭਾਗ ਲਿਆ।ਪਹਿਲੇ ਸਮਾਗਮ ਦੀ ਧੰਨਵਾਦੀ ਮਤਾ ਡਾ. ਜੋਗਿੰਦਰ ਸਿੰਘ ਵੱਲੋਂ ਪੇਸ਼ ਕੀਤਾ ਗਿਆ।
ਸਾਹਿਤ ਉਤਸਵ ਦੇ ਪਹਿਲੇ ਦਿਨ ਦੇ ਦੂਜੇ ਸਮਾਗਮ ਵਿਚ ‘ਜੀਵਨੀ ਖ਼ਲੀਲ ਜਿਬਰਾਨ’ ਉਪਰ ਪੁਸਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰੋ. ਹਰਪਾਲ ਸਿੰਘ ਪੰਨੂ; ਪੁਸਤਕ ਦੇ ਅਨੁਵਾਦਕ ਜੰੰਗ ਬਹਾਦਰ ਗੋਇਲ; ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਡਾ ਦਰਿਆ; ਪ੍ਰਸਿੱਧ ਅਨੁਵਾਦਕ ਤੇ ਲੇਖਿਕਾ ਡਾ. ਜਗਦੀਸ਼ ਕੌਰ ਵਾਡੀਆ ਅਤੇ ਸਿੰਘ ਬ੍ਰਦਰਜ਼ ਪ੍ਰਕਾਸ਼ਨਾ ਤੋਂ ਗੁਰਸਾਗਰ ਸਿੰਘ ਸ਼ਾਮਿਲ ਹੋਏ।ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਤੋਂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਪੰਜਾਬ ਦੇ ਖੋਜਾਰਥੀਆਂ/ਵਿਦਿਆਰਥੀਆਂ ਅੱਗੇ ਰਹੱਸਵਾਦੀ ਅਤੇ ਦਾਰਸ਼ਨਿਕ ਪ੍ਰਸ਼ਨਾਂ ਨਾਲ ਸੰਘਰਸ਼ ਕਰਦੇ ਸਵੈ ਦਾ ਚਿਤਰਨ ਕਰਦੀ ਹੈ, ਇਸ ਨਾਲ ਪੰਜਾਬੀ ਸਾਹਿਤ ਵਿਚ ਇਕ ਨਿੱਘਰ ਵਾਧਾ ਹੋਇਆ ਹੈ ਜੋ ਕਿ ਆਪਣੇ ਦਾਰਸ਼ਨਿਕ ਪ੍ਰਸ਼ਨਾਂ ਤੇ ਸੰਬੰਧਾਂ ਨੂੰ ਗੁਆ ਚੁੱਕਾ ਹੈ।ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਇਹ ਕਿਤਾਬ ਪੰਜਾਬੀ ਚੇਤਨਾ ਨੂੰ ਨਵੇਂ ਮੁਕਾਮ ਪ੍ਰਦਾਨ ਕਰਨ ਦੇ ਸਮਰੱਥ ਹੈ।ਡਾ. ਦਰਿਆ ਨੇ ਅਨੁਵਾਦ ਆਪਣੇ ਆਪ ਵਿਚ ਕਠਿਨ ਕਾਰਜ ਹੈ ਪਰ ਅਨੁਵਾਦਕ ਨੇ ਇਹ ਇਹ ਕਾਰਜ ਪੂਰੀ ਨਿਪੁੰਨਤਾ ਸਹਿਤ ਨਿਭਾਇਆ ਹੈ।
ਸਮਾਗਮਾਂ ਦੌਰਾਨ ਬਲਰਾਜ ਧਾਰੀਵਾਲ ਵੱਲੋਂ ਅਨੁਵਾਦਤ ਨਿਕੋਸ ਕਜ਼ਾਨਜ਼ਾਕਿਸ ਰਚਿਤ ਪੁਸਤਕ ‘ਜ਼ੋਰਬਾ ਦਾ ਗਰੀਕ’, ਸਵ. ਡਾ. ਬਿਕਰਮ ਸਿੰਘ ਦੀ ਏਕ ਓਅੰਕਾਰ ਦਰਸ਼ਨ ਅਤੇ ਡਾ. ਦੇਵਿੰਦਰ ਸਿੰਘ ਦੀ ਓਅੰਕਾਰੀ ਗੁਰਵਿਧਾਨ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply