ਤਬਾਦਲਾ ਨੀਤੀ ਤੁਰੰਤ ਰੱਦ ਕਰਨ ਦੀ ਗੂੰਜੀ ਅਵਾਜ਼
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਸਰਕਾਰ ਨਾਲ ਚੱਲ ਰਹੀ ਆਰ-ਪਾਰ ਦੀ ਲੜਾਈ ਤਹਿਤ ਆਪਣੇ ਸ਼ੰਘਰਸ ਦੀ ਲੜੀ ਨੂੰ ਅੱਗੇ ਤੋਰਦਿਆਂ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ ਸੈਂਕੜੇ ਅਧਿਆਪਕਾਂ ਨੇ ਅੱਜ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ ਮੁਜ਼ਾਹਰਾ ਕਰਦਿਆਂ ਸਥਾਨਕ ਕਚਿਹਰੀ ਚੌਂਕ ਵਿੱਚ ਲੰਮਾ ਸਮਾਂ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਪੁਤਲਾ ਫ਼ੂਕਿਆ ਗਿਆ।
ਇਸ ਤੋਂ ਪਹਿਲਾਂ ਡੀ.ਸੀ ਦਫ਼ਤਰ ਸਾਹਮਣੇ ਲਾਏ ਗਏ ਰੋਸ ਧਰਨੇ ‘ਚ ਇਕੱਤਰ ਅਧਿਆਪਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਮੁੱਖ ਆਗੂ ਹਰਜਿੰਦਰਪਾਲ ਸਿੰਘ ਪੰਨੂੰ, ਸੁਖਜਿੰਦਰ ਸਿੰਘ ਸਠਿਆਲਾ, ਚਰਨਜੀਤ ਸਿੰਘ ਵਿਛੋਆ, ਗੁਰਪੀ੍ਰਤ ਰਿਆੜ, ਸੁਖਵਿੰਦਰ ਸਿੰਘ ਤੇੜੀ, ਦੀਪਕ ਕੁਮਾਰ ਨੇ ਕਿਹਾ ਕਿ ਇਹ ਸੰਘਰਸ਼ 7 ਸਾਲ ਬਾਅਦ ਹਰੇਕ ਅਧਿਆਪਕ ਦਾ ਤਬਾਦਲਾ ਕਰਨ ਦੀ ਨੀਤੀ ਨੂੰ ਰੱਦ ਕਰਾਉਣ, ਰੈਸ਼ਨੇਲਾਈਜ਼ੇਸ਼ਨ ਨੀਤੀ ਤਹਿਤ ਪ੍ਰਾਇਮਰੀ ਸਕੂਲਾਂ ਵਿਚ 60 ਬੱਚਿਆਂ ਤੋਂ ਘੱਟ ਗਿਣਤੀ ਵਾਲੇ ਸਕੂਲ ਤੋਂ ਹੈਡਟੀਚਰ ਦੀ ਪੋਸਟ ਅਤੇ ਮਿਡਲ ਸਕੂਲਾਂ ‘ਚੋਂ ਪੋਸਟਾਂ ਖਤਮ ਕਰਨ ਦੀ ਨੀਤੀ ਰੱਦ ਕਰਵਾਉਣ, ਟੈਟ ਪਾਸ ਈ.ਟੀ.ਟੀ ਅਧਿਆਪਕਾਂ, ਸਿੱਖਿਆ ਪ੍ਰੋਵਾਇਡਰ, ਐਸ.ਟੀ. ਆਰ, ਈ.ਜੀ.ਐਸ ਨੂੰ ਰੈਗੂਲਰ ਕਰਵਾਉਣ, ਐਸ.ਐਸ.ਏ, ਰਮਸਾ, ਕੰਪਿਊਟਰ ਅਧਿਆਪਕਾਂ ਨੂੰ 10300 ਦੀ ਬਜਾਏ ਪੂਰੇ ਗਰੇਡ ਤੇ ਰੈਗੂਲਰ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਐਲੀਮੈਂਟਰੀ ਡਾਇਰੈਕਟੋਰੇਟ ਲਾਗੂ ਕਰਵਾਉਣ, ਪ੍ਰੀ-ਪ੍ਰਾਇਮਰੀ ਦੀ ਪੋਸਟ ਲੈਣ , ਪੇਅ -ਕਮਿਸ਼ਨ ਦੀ ਰਿਪੋਰਟ ਤੇ ਡੀ.ਏ ਦੀਆਂ ਕਿਸ਼ਤਾਂ ਲਾਗੂ ਕਰਵਾਉਣ ਅਤੇ ਬਜਟ ਅਡਵਾਂਸ ਜਾਰੀ ਕਰਵਾਉਣ ਤੱਕ ਜਾਰੀ ਰਹੇਗਾ।ਅਧਿਆਪਕਾਂ ਨੇ ਸਿੱਖਿਆ ਵਿਭਾਗ ਅਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤੁਰੰਤ ਅਧਿਆਪਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਨਹੀਂ ਤਾਂ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਦਾ ਘਿਰਾਓ ਕਰਨ ਉਪਰੰਤ 2 ਅਪ੍ਰੈਲ ਤੋਂ ਅਧਿਆਪਕ ਸਿਰਫ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣਗੇ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਮੁਕੰਮਲ ਬਾਈਕਾਟ ਹੋਵੇਗਾ।
ਇਸ ਰੋਸ ਧਰਨੇ ਵਿੱਚ ਸਤਬੀਰ ਸਿੰਘ ਬੋਪਾਰਾਏ, ਹਰਿੰਦਰ ਸਿੰਘ ਪੱਲਾ, ਗੁਰਿੰਦਰ ਸਿੰਘ ਘੁੱਕੇਵਾਲੀ, ਪ੍ਰਭਜਿੰਦਰ ਸਿੰਘ, ਜਤਿੰਦਰਪਾਲ ਰੰਧਾਵਾ, ਸੁਧੀਰ ਢੰਡ, ਜਗਮੋਹਨ ਅਜਨਾਲਾ, ਨਵਦੀਪ ਸਿੰਘ, ਸੁਖਦੇਵ ਵੇਰਕਾ, ਪਰਮਬੀਰ ਵੇਰਕਾ, ਰਘਵਿੰਦਰ ਧੂਲਕਾ, ਪਰਮਬੀਰ ਪੰਨੂ, ਸੁਖਜਿੰਦਰ ਹੇਰ, ਤੇਜਇੰਦਰਪਾਲ ਸਿੰਘ ਮਾਨ, ਗੁਰਪੀ੍ਰਤ ਥਿੰਦ, ਅਜੇ ਡੋਗਰਾ, ਨਰੇਸ਼ ਕੁਮਾਰ, ਦਿਲਬਾਗ ਬਾਜਵਾ, ਦਲਜੀਤ ਬੱਲ, ਜਸਬੀਰ ਗਿੱਲ, ਸਰਬਜੋਤ ਵਛੋਆ ਤੋਂ ਇਲਾਵਾ ਸੈਂਕੜੇ ਹੋਰ ਮਹਿਲਾ ਤੇ ਪੁਰਸ਼ ਅਧਿਆਪਕ ਹਾਜਰ ਸਨ ।
Punjab Post Daily Online Newspaper & Print Media