ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਲੋਂ ਸਥਾਨਕ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ 5 ਅਪ੍ਰੈਲ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 4 ਅਪ੍ਰੈਲ ਦਿਨ ਬੁੱਧਵਾਰ ਨੂੰ ਦੁਪਹਿਰ 12.00 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਵੇਗਾ, ਜੋ ਸਰਾਂ ਗੁਰੂ ਰਾਮਦਾਸ ਤੋਂ ਚੌਂਕ ਪਰਾਗਦਾਸ, ਚੌਂਕ ਬਾਬਾ ਸਾਹਿਬ, ਚੌਂਕ ਕਰੋੜੀ, ਬਾਬਾ ਦੀਪ ਸਿੰਘ ਕਲੋਨੀ, ਚੌਂਕ ਮੋਨੀ, ਹਵੇਲੀ ਅਬਲਵਾਈਆਂ, ਚੌਂਕ ਜੈ ਸਿੰਘ, ਬਜ਼ਾਰ ਲੁਹਾਰਾਂ, ਚੌਂਕ ਲਛਮਣਸਰ, ਕਣਕ ਮੰਡੀ, ਚਾਵਲ ਮੰਡੀ, ਚੌਂਕ ਭਾਈ ਮਤੀ ਦਾਸ, ਚੌਂਕ ਛੱਤੀ ਖੂਹੀ, ਬਜ਼ਾਰ ਬਾਂਸਾਂ, ਬਜ਼ਾਰ ਪਾਪੜਾਂ, ਬਜ਼ਾਰ ਕਾਠੀਆਂ, ਦਰਸ਼ਨੀ ਡਿਉੜੀ ਬਜ਼ਾਰ ਮਾਈ ਸੇਵਾਂ, ਗੁਰੂ ਬਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੰਨ ਹੋਵੇਗਾ।
ਬੇਦੀ ਨੇ ਦੱਸਿਆ ਕਿ 5 ਅਪ੍ਰੈਲ ਨੂੰ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਸਵੇਰੇ 8 ਤੋਂ 9 ਵਜੇ ਤੀਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਪਵਿੱਤਰ ਮੁਖਵਾਕ ਦੀ ਕਥਾ ਸਿੰਘ ਸਾਹਿਬ ਕਰਨਗੇ। 9 ਵਜੇ ਤੋਂ ਦੁਪਿਹਰ 2 ਵਜੇ ਤੱਕ ਸਕੂਲਾਂ ਦੇ ਬੱਚੇ ਅਤੇ ਬੀਬੀਆਂ ਦੇ ਜਥੇ ਗੁਰਬਾਣੀ ਕੀਰਤਨ ਕਰਨਗੇ।
ਉਨ੍ਹਾਂ ਕਿਹਾ ਕਿ ਦੁਪਹਿਰ 2 ਵਜੇ ਤੋਂ ਦੇਰ ਰਾਤ ਤੀਕ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਗੁਰੂ ਕੇ ਮਹਿਲ ਹੋਵੇਗਾ, ਜਿਸ ਵਿੱਚ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਸਿਮਰਨਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ, ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਭਾਈ ਦਵਿੰਦਰ ਸਿੰਘ ਨਿਰਮਾਣ, ਭਾਈ ਪ੍ਰਮਿੰਦਰ ਸਿੰਘ ਪ੍ਰੇਮੀ, ਭਾਈ ਰਜਿੰਦਰ ਸਿੰਘ ਬੱਗਾ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਭਾਈ ਸੁਰਿੰਦਰ ਸਿੰਘ ਅਰੋੜਾ, ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲੇ, ਭਾਈ ਕੁਲਜੀਤ ਸਿੰਘ ਨੈਰੋਬੀ, ਭਾਈ ਗੁਰਵਿੰਦਰ ਸਿੰਘ, ਸੰਤ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲੇ, ਭਾਈ ਕਥਾਵਾਚਕ ਭਾਈ ਹਰਜਿੰਦਰ ਸਿੰਘ ਜੀ ਗੁ: ਸੀਸ ਗੰਜ ਦਿੱਲੀ, ਭਾਈ ਜਲਵਿੰਦਰ ਸਿੰਘ ਆਦਿ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
Punjab Post Daily Online Newspaper & Print Media